CM ਮਾਨ ਵੱਲੋਂ ਜਲੰਧਰ ''ਚ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ, ਅੰਮ੍ਰਿਤਸਰ ਲਈ ਵੀ ਕੀਤਾ ਵੱਡਾ ਐਲਾਨ

CM ਮਾਨ ਵੱਲੋਂ ਜਲੰਧਰ ''ਚ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ, ਅੰਮ੍ਰਿਤਸਰ ਲਈ ਵੀ ਕੀਤਾ ਵੱਡਾ ਐਲਾਨ

ਵਿਸ਼ਵ ਪ੍ਰਸਿੱਧ ਸਪੋਰਟਸ ਸਿਟੀ ਜਲੰਧਰ ਨੂੰ 17 ਸਾਲ ਦੀ ਲੰਮੀ ਉਡੀਕ ਤੋਂ ਬਾਅਦ ਆਖਿਰਕਾਰ ਬਰਲਟਨ ਪਾਰਕ ਸਪੋਰਟਸ ਹੱਬ ਦਾ ਤੋਹਫ਼ਾ ਮਿਲ ਹੀ ਗਿਆ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰੀਬ 77 ਕਰੋੜ ਰੁਪਏ ਦੇ ਸੋਪਰਟਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਮੌਕੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਵਿਚ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਖੇਡਾਂ ਵਿਚ ਪੰਜਾਬ ਨੂੰ ਨੰਬਰ ਵਨ ਬਣਾਵਾਂਗੇ। ਆਉਣ ਵਾਲੇ ਦਿਨਾਂ ਜਲੰਧਰ ਦੇ ਬਰਲਟਨ ਪਾਰਕ ਕ੍ਰਿਕਟ ਸਮੇਤ ਹੋਰ ਕਈ ਮੈਚ ਵੇਖਣ ਨੂੰ ਮਿਲਣਗੇ।

ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ, ਕਮਿਸ਼ਨਰ ਗੌਤਮ ਜੈਨ, ਰਾਜ ਸਭਾ ਮੈਂਬਰ ਅਤੇ ਐੱਲ. ਪੀ. ਯੂ. ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਅਤੇ 'ਆਪ' ਨੇਤਾ ਨਿਤਿਨ ਕੋਹਲੀ ਦੇ ਅਣਥੱਕ ਯਤਨਾਂ ਨਾਲ ਇਸ ਪ੍ਰਾਜੈਕਟ ਨੂੰ ਪੁਨਰ ਜਨਮ ਮਿਲਿਆ ਹੈ। ਪੁਰਾਣੇ ਠੇਕੇਦਾਰ ਨੂੰ ਫਿਰ ਤੋਂ ਕੰਮ ਕਰਨ ਲਈ ਰਾਜ਼ੀ ਕੀਤਾ ਗਿਆ, ਜਿਸ ਨਾਲ ਦੋਬਾਰਾ ਟੈਂਡਰ ਪ੍ਰਕਿਰਿਆ ਦੀ ਲੋੜ ਨਹੀਂ ਪਈ ਅਤੇ ਸਮੇਂ ਦੀ ਬੱਚਤ ਹੋਈ।

ਖ਼ਾਸ ਗੱਲ ਇਹ ਹੈ ਕਿ 2008 ਵਿਚ 500 ਕਰੋੜ ਰੁਪਏ ਦੇ ਬਜਟ ਨਾਲ ਸ਼ੁਰੂ ਹੋਇਆ ਇਹ ਪ੍ਰਾਜੈਕਟ ਸਿਆਸੀ ਅਤੇ ਪ੍ਰਸ਼ਾਸਨਿਕ ਲਾਪ੍ਰਵਾਹੀ ਦਾ ਸ਼ਿਕਾਰ ਰਿਹਾ। ਅਕਾਲੀ-ਭਾਜਪਾ ਸਰਕਾਰ ਵਿਚ ਮੇਅਰ ਰਾਕੇਸ਼ ਰਾਠੌਰ ਨੇ ਇਸ ਨੂੰ ਸ਼ੁਰੂ ਕੀਤਾ ਪਰ ਜਲਦਬਾਜ਼ੀ ਵਿਚ ਪੁਰਾਣੇ ਸਟੇਡੀਅਮ ਨੂੰ ਤੁੜਵਾਉਣ ਦਾ ਫੈਸਲਾ ਉਨ੍ਹਾਂ ਦੀ ਭੁੱਲ ਸਾਬਿਤ ਹੋਇਆ। ਬਾਅਦ ਵਿਚ ਮੇਅਰ ਸੁਨੀਲ ਜੋਤੀ ਅਤੇ ਕਾਂਗਰਸ ਸਰਕਾਰ ਵੀ ਇਸ ਨੂੰ ਗਤੀ ਨਹੀਂ ਦੇ ਸਕੀ। ਨਤੀਜੇ ਵਜੋਂ ਪ੍ਰਾਜੈਕਟ 77 ਕਰੋੜ ਤਕ ਸਿਮਟ ਗਿਆ।

2022 ਵਿਚ ਜਲੰਧਰ ਸਮਾਰਟ ਸਿਟੀ ਕੰਪਨੀ ਨੇ ਚੰਡੀਗੜ੍ਹ ਦੀ ਏ. ਐੱਸ. ਐਂਟਰਪ੍ਰਾਈਜ਼ਿਜ਼ ਲਿਮਟਿਡ ਨੂੰ 77 ਕਰੋੜ ਦਾ ਟੈਂਡਰ ਦਿੱਤਾ ਪਰ ਕੰਪਨੀ ਦਾ ਕੰਮ ਸਿਰਫ ਚਾਰਦੀਵਾਰੀ ਬਣਾਉਣ ਤਕ ਸੀਮਤ ਰਿਹਾ। 2023 ਵਿਚ ਟੈਂਡਰ ਰੱਦ ਕਰਕੇ ਕੰਪਨੀ ਦੀ 4 ਕਰੋੜ ਦੀ ਬੈਂਕ ਗਾਰੰਟੀ ਜ਼ਬਤ ਕੀਤੀ ਗਈ। ਮਾਮਲਾ ਕੋਰਟ ਤਕ ਪਹੁੰਚਿਆ ਪਰ ਮੇਅਰ ਵਨੀਤ ਧੀਰ ਨੇ ਠੇਕੇਦਾਰਾਂ ਨਾਲ ਗੱਲਬਾਤ ਕਰ ਕੇ ਪ੍ਰਾਜੈਕਟ ਨੂੰ ਫਿਰ ਤੋਂ ਪਟੜੀ ’ਤੇ ਲਿਆਂਦਾ।
 

ਬਣਨ ਜਾ ਰਹੇ ਸਪੋਰਟਸ ਹੱਬ ’ਚ ਹੋਣਗੀਆਂ ਇਹ ਸਹੂਲਤਾਂ :
 -ਕ੍ਰਿਕਟ ਸਟੇਡੀਅਮ
-ਐਸਟ੍ਰੋਟਰਫ ਹਾਕੀ ਗਰਾਊਂਡ
-7 ਸਾਈਡ ਫੁੱਟਬਾਲ ਗਰਾਊਂਡ
-ਵਾਲੀਬਾਲ, ਬਾਸਕਟਬਾਲ, ਜੂਡੋ ਅਤੇ ਯੋਗਾ ਹਾਲ
-ਮਲਟੀਪਰਪਜ਼ ਇਨਡੋਰ ਸਪੋਰਟਸ ਹਾਲ
-ਸਕੇਟਿੰਗ ਰਿੰਕ, ਸਾਈਕਲ ਟ੍ਰੈਕ, ਜੌਗਿੰਗ ਟ੍ਰੈਕ, ਜਿਮਨਾਸਟਿਕ ਸਹੂਲਤਾਂ
-ਪਾਰਕਿੰਗ ਖੇਤਰ ਅਤੇ ਪਾਰਕਾਂ ਦਾ ਸੁੰਦਰੀਕਰਨ