ਸ਼ਹੀਦ-ਏ-ਆਜ਼ਮ ਊਧਮ ਸਿੰਘ ਦੀ ਬਰਸੀ ਮੌਕੇ ਸੁਨਾਮ ਪਹੁੰਚੇ CM ਭਗਵੰਤ ਮਾਨ,ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਕੇ ਭੇਂਟ ਕੀਤੀ ਸ਼ਰਧਾਂਜਲੀ

ਸ਼ਹੀਦ-ਏ-ਆਜ਼ਮ ਊਧਮ ਸਿੰਘ ਦੀ ਬਰਸੀ ਮੌਕੇ ਸੁਨਾਮ ਪਹੁੰਚੇ CM ਭਗਵੰਤ ਮਾਨ,ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਕੇ ਭੇਂਟ ਕੀਤੀ ਸ਼ਰਧਾਂਜਲੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ-ਏ-ਆਜ਼ਮ ਊਧਮ ਸਿੰਘ ਦੀ ਬਰਸੀ ਮੌਕੇ ਅੱਜ ਸੁਨਾਮ ਪਹੁੰਚੇ। ਉਨ੍ਹਾਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਤੋਂ ਬਾਅਦ ਦੱਸਿਆ ਕਿ ਕਿਵੇਂ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਦੀ ਧਰਤੀ ‘ਤੇ ਜਾ ਕੇ ਆਪਣਾ ਬਦਲਾ ਲੰਡਨ ‘ਚ ਲਿਆ ਸੀ।

ਸ਼ਹੀਦ ਊਧਮ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਸ਼ਹੀਦ ਦਾ ਦਰਜਾ ਦੇਣ ਦੇ ਸਵਾਲ ‘ਤੇ CM ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਸ਼ਹੀਦ ਦਾ ਦਰਜਾ ਅਤੇ ਰਾਸ਼ਟਰਵਾਦ ਦਾ ਸਰਟੀਫਿਕੇਟ ਦੇਣ ਵਾਲੀ ਕੇਂਦਰ ਸਰਕਾਰ ਕੌਣ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇ ਤਾਂ ਇਸ ਨਾਲ ਭਾਰਤ ਰਤਨ ਦਾ ਮਾਣ ਵਧੇਗਾ।

                 Image

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਪਹਿਲਾਂ ਹੀ ਸ਼ਹੀਦਾਂ ਦਾ ਬਹੁਤ ਵੱਡਾ ਰੁਤਬਾ ਰੱਖਦੇ ਹਨ। ਅਜਿਹੇ ਵਿੱਚ ਕੇਂਦਰ ਸਰਕਾਰ ਕਿਸ ਨੂੰ NOC ਦੇਵੇ ਕਿ ਕੌਣ ਸ਼ਹੀਦ ਹੈ ਅਤੇ ਕੌਣ ਨਹੀਂ। CM ਮਾਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਸ਼ਹੀਦਾਂ ਦੇ ਕੁਝ ਚਿੰਨ੍ਹ ਹਨ। ਇਨ੍ਹਾਂ ਵਿਚ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦੇ ਫਾਂਸੀ ਦੇ ਰੱਸੇ ਅਤੇ ਕੁਝ ਹੋਰ ਨਿਸ਼ਾਨੀਆਂ ਹਨ, ਪਰ ਪਾਕਿਸਤਾਨ ਵਿਚ ਸਿਆਸੀ ਉਥਲ-ਪੁਥਲ ਜਾਰੀ ਹੈ। ਇਨ੍ਹਾਂ ਸਾਰੇ ਚਿੰਨ੍ਹਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਸੰਬੋਧਨ ਵਿਚ ਪਿਛਲੀਆਂ ਸਰਕਾਰਾਂ 'ਤੇ ਤਿੱਖੇ ਤੰਜ਼ ਕੱਸੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਤੋਂ ਭਾਵੇਂ ਸਾਨੂੰ ਆਜ਼ਾਦੀ ਮਿਲ ਗਈ ਹੈ ਪਰ ਆਪਣਿਆਂ ਤੋਂ ਆਜ਼ਾਦੀ ਲੈਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਹੁਣ ਆਪਣਿਆਂ ਤੋਂ ਆਜ਼ਾਦੀ ਲੈਣੀ ਹੈ ਅਤੇ ਪੰਜਾਬ ਨੂੰ ਸ਼ਹੀਦਾਂ ਦੇ ਸੁਫ਼ਨਿਆਂ ਦਾ ਪੰਜਾਬ ਬਣਾਉਣਾ ਹੈ। ਕੇਂਦਰ ਸਰਕਾਰ ਤੋਂ ਸ਼ਹੀਦਾਂ ਦੇ ਸਨਮਾਨ ਲੈਣ ਦੀ ਲੋੜ ਨਹੀਂ ਹੈ। 

ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ ਪਰ ਆਪਣਿਆਂ ਤੋਂ ਨਹੀਂ ਮਿਲੀ, ਇਹ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਸੀ, ਮੁਗ਼ਲਾਂ ਵੇਲੇ ਮੁਗ਼ਲਾਂ ਨਾਲ ਸੀ, ਕਾਂਗਰਸ ਵੇਲੇ ਕਾਂਗਰਸ ਨਾਲ ਸੀ, ਅਕਾਲੀਆਂ ਵੇਲੇ ਅਕਾਲੀਆਂ ਨਾਲ ਸੀ, ਬੀਜੇਪੀ ਵੇਲੇ ਬੀਜੇਪੀ ਨਾਲ ਹੋ ਜਾਂਦੇ ਹਨ, ਹੱਦ ਹੈ ਕਦੇ ਲੋਕਾਂ ਨਾਲ ਵੀ ਖੜ੍ਹੇ ਹੋਵੋ।