- Updated: August 31, 2024 02:14 PM
ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਹ ਉਨ੍ਹਾਂ ਦੀ ਪਹਿਲੀ ਅੰਮ੍ਰਿਤਸਰ ਫੇਰੀ ਸੀ, ਜਿੱਥੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਸਨ। ਰਾਜਪਾਲ ਕਟਾਰੀਆ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਦੱਸ ਦੇਈਏ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਰਾਜਪਾਲ ਅਤੇ ਮੁੱਖ ਮੰਤਰੀ ਦੁਰਗਿਆਨਾ ਮੰਦਰ ਪਹੁੰਚੇ, ਜਿਥੇ ਉਨ੍ਹਾਂ ਨੇ ਸ਼ਰਧਾ ਭਾਵਨਾ ਨਾਲ ਮੰਦਰ ਮੱਥਾ ਟੇਕਿਆ।

ਇਸ ਦੌਰਾਨ ਪੱਤਰਕਾਰ ਨਾਲ ਗੱਲ ਕਰਦਿਆਂ ਰਾਜਪਾਲ ਨੇ ਕਿਹਾ ਕਿ ਅੱਜ ਰਾਜਪਾਲ ਬਣ ਕੇ ਇੱਥੇ ਪਹੁੰਚਿਆ ਹਾਂ, ਅਕਸਰ ਇੱਥੇ ਆਉਣ ਬਾਰੇ ਸੋਚਦਾ ਹਾਂ ਤੇ ਅੱਜ ਮੌਕਾ ਮਿਲਿਆ ਹੈ ਕਿ ਮੈਂ ਇੱਥੇ ਮੱਥਾ ਟੇਕ ਕੇ ਈਮਾਨਦਾਰੀ ਨਾਲ ਲੋਕਾਂ ਦਾ ਸੇਵਕ ਬਣ ਕੇ ਕੰਮ ਕਰਾਂ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ ਲੈ ਕੇ ਜਾ ਸਕਾਂ। ਕਰ ਸਕਾ। ਉਨ੍ਹਾਂ ਕਿਹਾ ਕਿ ਅਰਦਾਸ ਕਰਦਾ ਹਾਂ ਕਿ ਮੈਂ ਆਪਣੇ ਕੰਮ 'ਚ ਸਫਲ ਹੋਵਾਂ ਅਤੇ ਦੇਸ਼ 'ਚ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੇ।
ਜ਼ਿਕਰਯੋਗ ਹੈ ਕਿ ਗੁਲਾਬ ਚੰਦ ਕਟਾਰੀਆ ਨੂੰ ਬਨਵਾਰੀ ਲਾਲ ਪੁਰੋਹਿਤ ਦੇ ਅਸਤੀਫ਼ੇ ਮਗਰੋਂ ਪੰਜਾਬ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਰਾਜਪਾਲ ਵਜੋਂ ਨਿਯੁਕਤ ਹੋਣ ਮਗਰੋਂ ਗੁਲਾਬ ਚੰਦ ਕਟਾਰੀਆ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਸਮਤਕ ਹੋਣ ਲਈ ਆਏ ਹਨ।