ਕਾਂਗਰਸ ,ਜਲੰਧਰ ਸੀਟ ’ਤੇ ਚੰਨੀ ਦੇ ਨਾਂ ’ਤੇ ਦਾਅ ਖੇਡ ਸਕਦੀ ਹੈ 

ਕਾਂਗਰਸ ,ਜਲੰਧਰ ਸੀਟ ’ਤੇ ਚੰਨੀ ਦੇ ਨਾਂ ’ਤੇ ਦਾਅ ਖੇਡ ਸਕਦੀ ਹੈ 

ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਮੁੱਚੀਆਂ ਸਿਆਸੀ ਧਿਰਾਂ ਵਲੋਂ ਦਾਅ-ਪੇਚ ਖੇਡੇ ਜਾ ਰਹੇ ਹਨ। ਇਸ ਦੌਰਾਨ ਕਾਂਗਰਸ ਲੋਕ ਸਭਾ ਹਲਕਾ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਸੂਤਰਾਂ ਮੁਤਾਬਕ ਜਲੰਧਰ ਸੀਟ ਤੋਂ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਹਾਈਕਮਾਂਡ ਜਲਦ ਹੀ ਇਸ ਦਾ ਐਲਾਨ ਵੀ ਕਰ ਸਕਦੀ ਹੈ। ਹਾਈਕਮਾਂਡ ਨੇ ਇਹ ਫ਼ੈਸਲਾ ਐੱਸ. ਸੀ. ਵੋਟ ਬੈਂਕ ਅਤੇ ਚੰਨੀ ਦੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਲਿਆ ਗਿਆ ਹੈ।

ਦੱਸ ਦੇਈਏ ਕਿ ਹਾਲ ਹੀ ’ਚ ਕਾਂਗਰਸ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਲੰਧਰ ਦੌਰੇ ’ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਨਬਜ਼ ਵੀ ਟਟੋਈ। ਇਸ ਦੌਰਾਨ ਸਥਾਨਕ ਆਗੂਆਂ ਵੱਲੋਂ ਕਰਮਜੀਤ ਕੌਰ ਚੌਧਰੀ ਅਤੇ ਸਾਬਕਾ ਸੀ.ਐੱਮ ਚੰਨੀ ਦੇ ਨਾਵਾਂ ਦੀ ਵਕਾਲਤ ਕੀਤੀ ਗਈ, ਜਿਸ ਤੋਂ ਬਾਅਦ ਪੰਜਾਬ ਇੰਚਾਰਜ ਨੇ ਸੰਭਾਵਿਤ ਨਾਵਾਂ ਦੀ ਸੂਚੀ ਕਾਂਗਰਸ ਹਾਈਕਮਾਂਡ ਨੂੰ ਸੌਂਪ ਦਿੱਤੀ। ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਂਡ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਹੈ। ਦੂਜੇ ਪਾਸੇ ਇਸ ਸੀਟ ’ਤੇ ਕਈ ਵੱਡੇ ਆਗੂਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ, ਜਿਸ ਵਿਚ ਸਭ ਤੋਂ ਮਜ਼ਬੂਤ ​​ਦਾਅਵੇਦਾਰ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਸਨ। ਇਸ ਦੇ ਨਾਲ ਹੀ ਪੰਜਾਬ ਪੁਲਸ ਤੋਂ ਸੇਵਾਮੁਕਤ ਐੱਸ. ਐੱਸ.ਪੀ. ਰਜਿੰਦਰ ਸਿੰਘ ਨੇ ਵੀ ਆਪਣਾ ਦਾਅਵਾ ਪੇਸ਼ ਕੀਤਾ ਹੈ।

ਕੱਲ੍ਹ ਸਾਬਕਾ ਐੱਸਐੱਸਪੀ ਰਜਿੰਦਰ ਸਿੰਘ ਨੇ ਕਰਤਾਰਪੁਰ ਵਿਚ ਵੱਡੀ ਰੈਲੀ ਕੀਤੀ। ਜਿਸ ਵਿਚ ਸਮਰਥਕਾਂ ਨੇ ਰਜਿੰਦਰ ਸਿੰਘ ਨੂੰ ਜਲੰਧਰ ਸੀਟ ਤੋਂ ਉਮੀਦਵਾਰ ਬਣਾਉਣ ਲਈ ਨਾਅਰੇਬਾਜ਼ੀ ਕੀਤੀ। ਇਥੇ ਇਹ ਵੀ ਦੱਸਣਯੋਗ ਹੈ ਕਿ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਹੋਈ ਜ਼ਿਮਨੀ ਚੋਣ ਵਿਚ ਵੀ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਉਣ ਦੀ ਚਰਚਾ ਉਠੀ ਸੀ ਪਰ ਉਸ ਸਮੇਂ ਸੰਸਦ ਮੈਂਬਰ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦੇ ਦਿੱਤੀ ਗਈ ਪਰ ਉਨ੍ਹਾਂ ਨੂੰ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।