- Updated: March 25, 2026 07:50 PM
ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਨਸ਼ਾ ਤਸਕਰੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਗੁਪਤ ਜਾਣਕਾਰੀ ਮਿਲਣ ਮਗਰੋਂ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਇਕ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਤੇ 7 ਕਿਲੋ ਹੈਰੋਇਨ ਦੇ ਨਾਲ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮ ਲਗਾਤਾਰ ਹੈਰੋਇਨ ਦੀਆਂ ਖੇਪਾਂ ਨੂੰ ਟਰਾਂਸਪੋਰਟ ਕਰ ਰਹੇ ਸਨ ਤੇ ਇਹ ਸੰਭਾਵਨਾ ਹੈ ਕਿ ਇਹ ਖੇਤਰ ਵਿਚ ਸਰਗਰਮ ਇਕ ਵੱਡੇ ਨਸ਼ਾ ਨੈਟਵਰਕ ਦਾ ਹਿੱਸਾ ਹੈ। ਗ੍ਰਿਫਤਾਰੀਆਂ ਦੇ ਬਾਅਦ ਐੱਸਐੱਸਓਸੀ ਅੰਮ੍ਰਿਤਸਰ ਵਿਚ NDPS ਐਕਟ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।
ਪੁਲਿਸ ਮਾਮਲੇ ਦੇ ਫਾਰਵਰਡ ਤੇ ਬੈਕਵਰਡ ਲਿੰਕਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ ਤਾਂ ਕਿ ਪੂਰੇ ਨੈਟਵਰਕ ਨੂੰ ਪੂਰੀ ਤਰ੍ਹਾਂ ਉਜਾਗਰ ਕੀਤਾ ਜਾ ਸਕੇ। ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਕਿ ਉਹ ਨਸ਼ੇ ਖਿਲਾਫ ਜ਼ੀਰੋ ਟੋਰਲੈਂਸ ਨੀਤੀ ਅਪਣਾਏ ਹੋਏ ਹਨ ਤੇ ਸੂਬੇ ਵਿਚ ਕਿਸੇ ਵੀ ਤਰ੍ਹਾਂ ਦੀ ਡਰੱਗ ਸਿੰਡੀਕੇਟ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੁਲਿਸ ਵਿਭਾਗ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤੇ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੇ। ਪੰਜਾਬ ਪੁਲਿਸ ਦੀ ਇਹ ਪਹਿਲ ਸੂਬੇ ਦੇ ਨੌਜਵਾਨਾਂ ਤੇ ਸਮਾਜ ਨੂੰ ਨਸ਼ੇ ਦੀ ਗ੍ਰਿਫਤ ਤੋਂ ਬਚਾਉਣ ਲਈ ਲਗਾਤਾਰ ਜਾਰੀ ਰਹੇਗੀ। ਪੰਜਾਬ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਕਾਰਵਾਈ ਦੀ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ ਨਸ਼ੇ ਖਿਲਾਫ ਲੜਾਈ ਵਿਚ ਪੁਲਿਸ ਹਰ ਹਾਲ ਵਿਚ ਸਖਤ ਕਾਰਵਾਈ ਕਰਦੀ ਰਹੇਗੀ।