- Updated: February 25, 2023 09:39 AM
ਅਜਨਾਲਾ ਥਾਣੇ ’ਚ ਹੋਏ ਹਮਲੇ ਬਾਰੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ 16 ਫਰਵਰੀ ਨੂੰ ਦਰਜ ਐੱਫਆਈਆਰ ਬਾਰੇ ਕੁਝ ਲੋਕਾਂ ਨੇ ਥਾਣੇ ਦੇ ਬਾਹਰ ਸ਼ਾਂਤੀਪੂਰਨ ਮੁਜ਼ਾਹਰੇ ਦੀ ਇਜਾਜ਼ਤ ਮੰਗੀ ਸੀ, ਪਰ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੀ ਆੜ ’ਚ ਹਿੰਸਕ ਪ੍ਰਦਰਸ਼ਨ ਕੀਤਾ। ਪੰਜਾਬ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਧਿਆਨ ’ਚ ਰੱਖਦੇ ਹੋਏ ਸੰਜਮ ਵਰਤਿਆ। ਡੀਜੀਪੀ ਨੇ ਕਿਹਾ ਕਿ ਘਟਨਾ ’ਚ ਐੱਸਪੀ ਸਮੇਤ 6 ਮੁਲਾਜ਼ਮ ਜ਼ਖ਼ਮੀ ਹੋਏ ਹਨ। ਘਟਨਾ ਦੀ ਵੀਡੀਓ ਦੀ ਜਾਂਚ ਤੇ ਜ਼ਖ਼ਮੀਆਂ ਦੇ ਬਿਆਨਾਂ ਤੋਂ ਬਾਅਦ ਕਾਰਵਾਈ ਹੋਵੇਗੀ। ਡੀਜੀਪੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ’ਚ ਬੁਜ਼ਦਿਲੀ ਵਾਲਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐੱਫਆਈਆਰ ’ਚ ਗ਼ਲਤ ਨਾਵਾਂ ਬਾਰੇ ਉਨ੍ਹਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ। ਇਸ ਦੀ ਪੜਤਾਲ ਲਈ ਉਨ੍ਹਾਂ ਨੇ ਅੰਮ੍ਰਿਤਸਰ ਦੇਹਾਤੀ ਦੇ ਐੱਸਐੱਸਪੀ ਨੂੰ ਪਹਿਲਾਂ ਹੀ ਕਹਿ ਦਿੱਤਾ ਹੈ।
ਓਧਰ ਅੰਮ੍ਰਿਤਪਾਲ ਨੇ ਡੀਜੀਪੀ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਉਹ ਸੋਚ ਸਮਝ ਕੇ ਬਿਆਨ ਦੇ। ਐੱਫਆਈਆਰ ਦਰਜ ਕਰਨ ਦੀ ਗੱਲ ਕੀਤੀ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਸਰਕਾਰ ਨੇ ਪਹਿਲਾਂ ਗੈਂਗਸਟਰ ਪੈਦਾ ਕੀਤੇ, ਹੁਣ ਅੱਤਵਾਦੀ ਪੈਦਾ ਕਰਨਾ ਚਾਹੁੰਦੀ ਹੈ।