- Updated: July 23, 2024 06:15 PM
ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੱਲ੍ਹਾ ਦੀ ਨੌਜਵਾਨ ਲੜਕੀ ਖੁਸ਼ਪ੍ਰੀਤ ਕੌਰ ਸਮੇਤ ਤਿੰਨ ਪੰਜਾਬੀ ਲੜਕੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੱਲ੍ਹਾ ਦੇ ਚਮਕੌਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਖੁਸ਼ਪ੍ਰੀਤ ਕੌਰ (23) ਪਿਛਲੇ ਸਾਲ 16 ਅਗਸਤ 2023 ਨੂੰ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਆਪਣੀ ਵੱਡੀ ਭੈਣ ਨਵਪ੍ਰੀਤ ਕੌਰ ਕੋਲ ਗਈ ਸੀ। ਬੀਤੇ ਦਿਨੀਂ ਖੁਸ਼ਪ੍ਰੀਤ ਕੌਰ ਕੰਪਨੀ ਦੀ ਗੱਡੀ ਵਿਚ ਬੈਠ ਕੇ ਪੰਜ ਹੋਰ ਵਿਦਿਆਰਥੀਆਂ ਨਾਲ ਕੰਮ 'ਤੇ ਜਾ ਰਹੀ ਸੀ ਤਾਂ ਰਸਤੇ ਵਿਚ ਗੱਡੀ ਹਾਦਸਾ ਗ੍ਰਸਤ ਹੋ ਗਈ।
ਮ੍ਰਿਤਕ ਲੜਕੀ ਦੇ ਪਿਤਾ ਚਮਕੌਰ ਸਿੰਘ ਦੇ ਦੱਸਣ ਮੁਤਾਬਕ ਹਾਦਸਾ ਵਾਪਰਦਾ ਵੇਖ ਕੇ ਗੱਡੀ ਦਾ ਡਰਾਇਵਰ ਕਾਰ 'ਚੋਂ ਛਾਲ ਮਾਰ ਗਿਆ ਅਤੇ ਕਾਰ ਬੇਕਾਬੂ ਹੋ ਕੇ ਡੂੰਘੇ ਟੋਏ 'ਚ ਡਿੱਗ ਕੇ ਇਕ ਦਰੱਖ਼ਤ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਖੁਸ਼ਪ੍ਰੀਤ ਕੌਰ ਮੱਲ੍ਹਾ ਸਮੇਤ ਤਿੰਨ ਲੜਕੀਆਂ ਦੀ ਮੌਤ ਹੋ ਗਈ, ਜਦਕਿ ਕਾਰ ਸਵਾਰ ਦੋ ਹੋਰ ਲੜਕੇ ਗੰਭੀਰ ਜ਼ਖਮੀ ਹੋ ਗਏ। ਇਸ ਮੰਦਭਾਗੀ ਖਬਰ ਨਾਲ ਪਿੰਡ ਮੱਲ੍ਹਾ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।