PM ਟਰੂਡੋ ਨੂੰ ਭਾਵੁਕ ਚਿੱਠੀ ਲਿਖ ਕੈਨੇਡਾ ''ਚ ''ਸਿੱਖਸ ਫਾਰ ਜਸਟਿਸ'' ''ਤੇ ਪਾਬੰਦੀ ਦੀ ਕੀਤੀ ਮੰਗ। 

 PM ਟਰੂਡੋ ਨੂੰ ਭਾਵੁਕ ਚਿੱਠੀ ਲਿਖ ਕੈਨੇਡਾ ''ਚ ''ਸਿੱਖਸ ਫਾਰ ਜਸਟਿਸ'' ''ਤੇ ਪਾਬੰਦੀ ਦੀ ਕੀਤੀ ਮੰਗ। 

ਨਾਮਵਰ ਮੀਡੀਆ ਅਦਾਰਾ ਰੇਡੀਓ ਇੰਡੀਆ ਸਰੀ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਲਿਖ ਕੇ ਕਿਸੇ ਖ਼ਾਸ ਧਿਰ ਦੀ ਬਜਾਏ ਪੂਰੇ ਪੰਜਾਬੀ ਸਿੱਖ ਭਾਈਚਾਰੇ ਦੇ ਹਿਤਾਂ ਵੱਲ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਮੀਡੀਆ ਸ਼ਖਸੀਅਤ ਹੋਣ ਦੇ ਨਾਤੇ ਕੈਨੇਡਾ 'ਚ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਦਰਪੇਸ਼ ਸੁਰੱਖਿਆ ਚਿੰਤਾਵਾਂ ਨੂੰ ਸਮਰੱਥ ਸਰਕਾਰ ਦੇ ਧਿਆਨ 'ਚ ਲਿਆਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਗਿੱਲ ਨੇ ਕਿਹਾ ਕਿ ਕੈਨੇਡਾ 'ਚ ਇੰਡੋ-ਕੈਨੇਡੀਅਨ ਭਾਈਚਾਰੇ ਖ਼ਿਲਾਫ਼ ਨਫ਼ਰਤ ਅਤੇ ਡਰਾਉਣੀਆਂ ਕਾਰਵਾਈਆਂ ਚਿੰਤਾਜਨਕ ਪੱਧਰ 'ਤੇ ਪਹੁੰਚ ਗਈਆਂ ਹਨ। ਇੰਡੋ-ਕੈਨੇਡੀਅਨ ਭਾਈਚਾਰੇ 'ਤੇ ਦਿਨ-ਦਿਹਾੜੇ ਸਰੀਰਕ ਹਮਲੇ ਕੈਨੇਡਾ 'ਚ ਆਮ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰੀ 'ਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦੇ ਸਨਮਾਨ 'ਚ ਰੱਖੇ ਸਮਾਗਮ ਲਈ ਮੈਨੂੰ ਖ਼ੁਦ ਸਰੀਰਕ ਹਮਲੇ ਅਤੇ ਜਾਨਲੇਵਾ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਕਨੂੰਨ ਦੇ ਰਾਜ ਵਾਲੇ ਦੇਸ਼ 'ਚ ਅਜੇ ਤੱਕ ਉਸ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਹੈ, ਜਦੋਂ ਕਿ ਇਹ ਹਮਲੇ 19 ਮਾਰਚ, 2023 ਨੂੰ ਪੁਲਸ ਅਧਿਕਾਰੀਆਂ ਦੀ ਮੌਜੂਦਗੀ 'ਚ ਹੋਏ ਸਨ। ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਖ਼ਤਰੇ ਹੁਣ ਖੁੱਲ੍ਹੇਆਮ ਅੱਤਵਾਦ ਬਣ ਗਏ ਹਨ ਕਿਉਂਕਿ ਸਿੱਖਸ ਫਾਰ ਜਸਟਿਸ (SFJ) ਦੇ ਗੁਰਪਤਵੰਤ ਪੰਨੂ ਨੇ ਭਾਰਤੀ ਭਾਈਚਾਰੇ ਨੂੰ ਏਅਰ ਇੰਡੀਆ 'ਤੇ ਹਮਲਾ ਕਰਨ ਦੀ ਖੁੱਲ੍ਹੀ ਧਮਕੀ ਦਿੱਤੀ ਹੈ। ਪੰਨੂ ਨੇ ਸ਼ਰ੍ਹੇਆਮ ਸਿੱਖ ਭਾਈਚਾਰੇ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਏਅਰ ਇੰਡੀਆ ਦੀ ਯਾਤਰਾ ਨਾ ਕਰਨ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

ਇਹ ਅੱਤਵਾਦੀ ਧਮਕੀ ਗੁਰਪਤਵੰਤ ਪੰਨੂ ਵੱਲੋਂ ਹਿੰਦੂ ਭਾਈਚਾਰੇ ਨੂੰ ਦਿੱਤੀ ਗਈ ਧਮਕੀ ਤੋਂ ਬਾਅਦ ਦਿੱਤੀ ਗਈ ਹੈ, ਜਿੱਥੇ ਉਸਨੇ ਹਿੰਦੂ ਭਾਈਚਾਰੇ ਨੂੰ ਕੈਨੇਡਾ ਛੱਡ ਕੇ ਭਾਰਤ ਵਾਪਸ ਜਾਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਇਹ ਦਹਿਸ਼ਤਗਰਦ ਧਮਕੀਆਂ ਏਅਰ ਇੰਡੀਆ ਦੇ ਅੱਤਵਾਦੀ ਹਮਲੇ ਦੇ 329 ਪੀੜਤ ਕੈਨੇਡੀਅਨਾਂ ਨੂੰ ਸਤਾਉਂਦੀ ਹੈ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਘਟਨਾ 'ਚ ਮਾਰੇ ਗਏ ਸਨ। ਗਿੱਲ ਨੇ ਕਿਹਾ ਕਿ ਪੰਨੂ ਦੀਆਂ ਤਾਜ਼ਾ ਧਮਕੀਆਂ ਉਨ੍ਹਾਂ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹੈ, ਜਿਨ੍ਹਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਹੈ। ਕਾਨੂੰਨ ਦੀ ਗੱਲ ਕਰਦਿਆਂ ਗਿੱਲ ਨੇ ਕਿਹਾ ਕਿ ਗਲਤ ਜਾਣਕਾਰੀ ਫੈਲਾਅ ਕੇ ਜਹਾਜ਼ ਦੀ ਸੁਰੱਖਿਆ ਨੂੰ ਖ਼ਤਰੇ 'ਚ ਪਾਉਣਾ ਕੈਨੇਡੀਅਨ ਕ੍ਰਿਮੀਨਲ ਕੋਡ ਦੀ ਧਾਰਾ 77 ਦੇ ਤਹਿਤ ਉਮਰ ਕੈਦ ਦੀ ਸਜ਼ਾ ਵਾਲਾ ਜ਼ੁਰਮ ਹੈ।

ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਧਾਰਾ 319(2) ਦੇ ਤਹਿਤ ਲੋਕਾਂ ਦੇ ਸਮੂਹ ਦੇ ਖ਼ਿਲਾਫ਼ ਜਾਣਬੁੱਝ ਕੇ ਨਫ਼ਰਤ ਨੂੰ ਉਤਸ਼ਾਹਿਤ ਕਰਨਾ ਇੱਕ ਗੰਭੀਰ ਅਪਰਾਧ ਹੈ। ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰਾ ਇਸ ਗੱਲ ਤੋਂ ਦੁਖੀ ਹੈ ਕਿ ਗੁਰਪਤਵੰਤ ਪੰਨੂ ਵਰਗੇ ਲੋਕ ਕੈਨੇਡਾ 'ਚ ਕਾਨੂੰਨੀ ਛੋਟ ਦਾ ਆਨੰਦ ਕਿਉਂ ਮਾਣ ਰਹੇ ਹਨ, ਜਿੱਥੇ ਉਨ੍ਹਾਂ ਨੂੰ ਆਪਣੇ ਨਫ਼ਰਤ ਭਰੇ ਅਤੇ ਅੱਤਵਾਦੀ ਬਿਆਨਾਂ ਦਾ ਕੋਈ ਨਤੀਜਾ ਨਹੀਂ ਭੁਗਤਣਾ ਪੈ ਰਿਹਾ। ਅਖ਼ੀਰ 'ਚ ਗਿੱਲ ਨੇ ਮੰਗ ਕੀਤੀ ਕਿ ਕਾਨੂੰਨ ਦੇ ਰਾਜ ਵਾਲੇ ਕੈਨੇਡਾ 'ਚ ਜਿੱਥੇ ਸਿੱਖਸ ਫਾਰ ਜਸਟਿਸ 'ਤੇ ਅੱਤਵਾਦੀ ਸੰਗਠਨ ਵਜੋਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ, ਉੱਥੇ ਸਰਕਾਰ ਨੂੰ ਨਫ਼ਰਤ ਭਰੇ ਭਾਸ਼ਣ ਅਤੇ ਅੱਤਵਾਦੀ ਧਮਕੀਆਂ ਦੇ ਕੇ ਏਅਰ ਇੰਡੀਆ ਦੇ ਯਾਤਰੀਆਂ ਦੀ ਸੁਰੱਖਿਆ ਨੂੰ ਖ਼ਤਰੇ 'ਚ ਪਾਉਣ ਦੇ ਦੋਸ਼ ਅਧੀਨ ਗੁਰਪਤਵੰਤ ਪੰਨੂ 'ਤੇ ਮੁਕੱਦਮਾ ਚਲਾ ਕੇ ਭਾਰਤੀ ਭਾਈਚਾਰੇ 'ਚ ਸੁਰੱਖਿਆ ਭਾਵਨਾ ਬਹਾਲ ਕਰਨੀ ਚਾਹੀਦੀ ਹੈ।