- Updated: February 22, 2023 09:53 PM
ਤੁਰਕੀ ਅਤੇ ਸੀਰੀਆ ਵਿਚ ਆਏ ਭਿਆਨਕ ਭੂਚਾਲ ਕਾਰਨ ਹੋਈ ਤਬਾਹੀ ਅਤੇ ਉਸ ਤੋਂ ਪਹਿਲਾਂ ਉੱਤਰਕਾਸ਼ੀ ਵਿਚ ਆਈਆਂ ਦਰਾਰਾਂ ਕਾਰਨ ਭਾਰਤ ਦੇ ਭੂਚਾਲ ਵਿਗਿਆਨੀ ਚੌਕਸ ਹੋ ਗਏ ਹਨ। ਹੈਦਰਾਬਾਦ ਸਥਿਤ ਐੱਨਜੀਆਰਆਈ ਦੇ ਮੁੱਖ ਵਿਗਿਆਨੀ ਮੁਤਾਬਿਕ ਭਾਰਤੀ ਪਲੇਟ ਦੇ ਖਿਸਕਣ ਕਾਰਨ ਹਿਮਾਲੀਅਨ ਖੇਤਰ ’ਚ ਭੂਚਾਲ ਆਉਣ ਦਾ ਖਤਰਾ ਵੱਧ ਰਿਹਾ ਹੈ। ਉੱਘੇ ਮੌਸਮ ਵਿਗਿਆਨੀ ਅਤੇ ਭੂ-ਵਿਗਿਆਨੀ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤੀ ਟੈਕਟੋਨਿਕ ਪਲੇਟ ਪ੍ਰਤੀ ਸਾਲ 5 ਸੈਂਟੀਮੀਟਰ ਦੀ ਦਰ ਨਾਲ ਆਪਣੀ ਥਾਂ ਬਦਲ ਰਹੀ ਹੈ। ਇਸ ਕਾਰਨ ਹਿਮਾਲਿਆ ‘ਚ ਤਣਾਅ ਵਧਦਾ ਜਾ ਰਿਹਾ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ’ਚ ਭੂਚਾਲ ਆਉਣ ਦਾ ਖ਼ਤਰਾ ਵਧਣ ਦੀ ਸੰਭਾਵਨਾ ਹੈ।
ਹਿੱਲ ਰਹੀ ਹੈ ਭਾਰਤੀ ਪਲੇਟ
21 ਫਰਵਰੀ ਨੂੰ ਹੈਦਰਾਬਾਦ ਸਥਿਤ ਜੀਓਫਿਜੀਕਲ ਰਿਸਰਚ ਇੰਸਟੀਚਿਊਟ (ਐੱਨਜੀਆਰਆਈ) ਦੇ ਭੂਚਾਲ ਵਿਗਿਆਨੀ ਅਤੇ ਪ੍ਰਮੁੱਖ ਵਿਗਿਆਨੀ ਡਾਕਟਰ ਐੱਨ ਪੂਰਨਚੰਦਰ ਰਾਓ ਨੇ ਕਿਹਾ ਕਿ ਧਰਤੀ ਦਾ ਬਾਹਰੀ ਹਿੱਸਾ ਵੱਖ-ਵੱਖ ਪਲੇਟਾਂ ਨਾਲ ਬਣਿਆ ਹੈ ਅਤੇ ਉਹ ਲਗਾਤਾਰ ਗਤੀ ਕਰ ਰਹੀਆਂ ਹਨ। ਭਾਰਤੀ ਪਲੇਟ ਹਰ ਸਾਲ 5 ਸੈਂਟੀਮੀਟਰ ਖਿਸਕ ਰਹੀ ਹੈ। ਇਸ ਕਾਰਨ ਹਿਮਾਲਿਆ ’ਚ ਖਿਚਾਅ ਵੱਧਦਾ ਜਾ ਰਿਹਾ ਹੈ ਅਤੇ ਭੂਚਾਲ ਆਉਣ ਦਾ ਖਤਰਾ ਵਧਦਾ ਜਾ ਰਿਹਾ ਹੈ।