- Updated: September 04, 2024 02:54 PM
ਖੰਨਾ ਵਿਚ ਈ.ਡੀ. ਵੱਲੋਂ ਕਾਂਗਰਸੀ ਆਗੂ ਦੇ ਘਰ ਰੇਡ ਕੀਤੀ ਗਈ ਹੈ। ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਈ.ਡੀ. ਦੀ ਛਾਪੇਮਾਰੀ ਜਾਰੀ ਹੈ। ਇਹ ਜਾਂਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਜੁੜੇ ਟੈਂਡਰ ਘਪਲੇ ਮਾਮਲੇ ਵਿਚ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਰਾਜਦੀਪ ਸਿੰਘ ਦਾ ਨਾਂ ਨਕਲੀ ਸ਼ਰਾਬ ਫੈਕਟਰੀ ਨਾਲ ਵੀ ਜੁੜ ਰਿਹਾ ਹੈ।
ਜਾਣਕਾਰੀ ਮੁਤਾਬਕ ਈ.ਡੀ. ਵੱਲੋਂ ਰਾਜਦੀਪ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਹੈ। ਕਾਂਗਰਸੀ ਆਗੂ ਤੇ ਆੜ੍ਹਤੀ ਰਾਜਦੀਪ ਸਿੰਘ ਦੇ ਘਰ ਤੋਂ ਇਲਾਵਾ ਈ.ਡੀ. ਵੱਲੋਂ ਉਸ ਦੇ ਕਾਰੋਬਾਰ ਦੇ ਟਿਕਾਣਿਆਂ 'ਤੇ ਵੀ ਰੇਡ ਕੀਤੀ ਗਈ ਹੈ। ਈ.ਡੀ. ਦੀ ਟੀਮ ਵੱਲੋਂ ਸਿਟੀ ਸੈਂਟਰ ਵਿਚ 2 ਦਫ਼ਤਰਾਂ ਵਿਚ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਈ.ਡੀ. ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਦੱਸ ਦਈਏ ਕਿ ਰਾਜਦੀਪ ਸਿੰਘ ਨੂੰ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਦੇ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਇਸ ਰੇਡ ਬਾਰੇ ਜਦੋਂ ਗੁਰਕੀਰਤ ਕੋਟਲੀ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।