- Updated: May 09, 2025 10:45 AM
ਭਾਰਤ ਅਤੇ ਪਾਕਿਸਤਾਨ ਵਿਚਕਾਰ ਵੱਧਦੇ ਫ਼ੌਜੀ ਤਣਾਅ ਕਾਰਨ ਪੁਲਸ ਦੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਆਈ. ਜੀ. ਆਰ.ਕੇ. ਸਿੰਘ ਨੇ ਵੀਰਵਾਰ ਨੂੰ ਹੁਕਮ ਜਾਰੀ ਕੀਤੇ ਕਿ ਸਾਰੀਆਂ ਛੁੱਟੀਆਂ, ਭਾਵੇਂ ਉਹ ਅਚਨਚੇਤ ਛੁੱਟੀ (ਸੀ. ਐੱਲ.) ਹੋਵੇ ਜਾਂ ਅਰਜਿਤ ਛੁੱਟੀ (ਈ. ਐੱਲ.), ਅਗਲੀ ਸੂਚਨਾ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।
ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਵੀ ਪੁਲਸ ਮੁਲਾਜ਼ਮ ਛੁੱਟੀ ’ਤੇ ਹਨ, ਉਨ੍ਹਾਂ ਨੂੰ ਡਿਊਟੀ ’ਤੇ ਆਉਣਾ ਲਾਜ਼ਮੀ ਹੋਵੇਗਾ। ਪੁਲਸ ਵਿਭਾਗ ਨੇ ਕਿਹਾ ਹੈ ਕਿ ਇਹ ਫ਼ੈਸਲਾ ਰਾਸ਼ਟਰੀ ਸੁਰੱਖਿਆ ਤੇ ਅੰਦਰੂਨੀ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲਿਆ ਗਿਆ ਹੈ। ਚੰਡੀਗੜ੍ਹ ਵਰਗੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਸ਼ਹਿਰ ਵਿਚ ਸੁਰੱਖਿਆ ਪ੍ਰਤੀ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ।
ਹੁਕਮ ਕਾਰਨ ਪੁਲਸ ਵਿਭਾਗ ਵਿਚ ਹਲਚਲ ਪੈਦਾ ਹੋ ਗਈ ਤੇ ਕਈ ਅਧਿਕਾਰੀ ਸਣੇ ਮੁਲਾਜ਼ਮ ਛੁੱਟੀਆਂ ਅੱਧ ਵਿਚਕਾਰ ਛੱਡ ਕੇ ਡਿਊਟੀ ’ਤੇ ਆ ਗਏ। ਪੁਲਸ ਵਿਭਾਗ ਵਿਚ ਕਰੀਬ 7 ਹਜ਼ਾਰ ਮੁਲਾਜ਼ਮ ਹਨ।