ਲੁਧਿਆਣਾ ਦੀ ਦਾਣਾ ਮੰਡੀ ਵਿੱਚ ਫਾਇਰਿੰਗ ਨਾਲ ਹੜਕੰਪ

ਲੁਧਿਆਣਾ ਦੀ ਦਾਣਾ ਮੰਡੀ ਵਿੱਚ ਫਾਇਰਿੰਗ ਨਾਲ ਹੜਕੰਪ

ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੀ ਦਾਣਾ ਮੰਡੀ ਵਿਚ ਅੱਜ ਇਕ ਕੇਲਾ ਵਪਾਰੀ ਦੇ ਦਫ਼ਤਰ ਵਿਚ ਆਏ ਦੋ ਲੋਕਾਂ ਵੱਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੋਲ਼ੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਲਾ ਵਪਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਉਹ 2008 ਤੋਂ ਇਸ ਜਗ੍ਹਾ 'ਤੇ ਕੇਲਿਆਂ ਦਾ ਵਪਾਰ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਮਹਾਰਾਸ਼ਟਰ ਦੇ ਕਿੇ ਵਪਾਰੀ ਦੇ ਨਾਲ ਪੈਸਿਆਂ ਦਾ ਲੈਣ-ਦੇਣ ਹੈ, ਜਿਸ ਦੇ ਚਲਦਿਆਂ ਅੱਜ ਦੋ ਵਿਅਕਤੀ ਉਸ ਦੇ ਦਫ਼ਤਰ ਵਿਚ ਆਏ। ਉਨ੍ਹਾਂ ਦੇ ਹੱਥਾਂ ਵਿਚ ਪਿਸਤੌਲ ਤੇ ਰਿਵਾਲਵਰ ਫੜੇ ਹੋਏ ਸਨ ਤੇ ਉਨ੍ਹਾਂ ਵਿਚੋਂ ਇਕ ਨੇ ਦਫ਼ਤਰ ਵਿਚ ਗੋਲੀ ਚਲਾ ਦਿੱਤੀ। ਫ਼ਾਇਰਿੰਗ ਮਗਰੋਂ ਦੋਵੇਂ ਮੁਲਜ਼ਮ ਮੌਕੇ ਤੋਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। 

ਗੋਲ਼ੀ ਚੱਲਣ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੇ ਥਾਣੇਦਾਰ ਹਰਮੇਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਵੱਲੋਂ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਪਰ ਮੌਕੇ ਤੋਂ ਗੋਲੀ ਦਾ ਖੋਲ ਬਰਾਮਦ ਨਹੀਂ ਹੋਇਆ ਤੇ ਨਾ ਹੀ ਕੋਈ ਹੋਰ ਸੁਰਾਗ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪੁਲਸ ਸੀ. ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।