ਇੰਟਰਵਿਊ ਦੌਰਾਨ ਗੈਂਗਸਟਰ ਗੋਲਡੀ ਬਰਾੜ ਨੇ ਕਬੂਲੇ ਕਈ ਜੁਰਮ, ਅਦਾਕਾਰ ਸਲਮਾਨ ਖ਼ਾਨ ਨੂੰ ਵੀ ਦਿਤੀ ਧਮਕੀ

ਇੰਟਰਵਿਊ ਦੌਰਾਨ ਗੈਂਗਸਟਰ ਗੋਲਡੀ ਬਰਾੜ ਨੇ ਕਬੂਲੇ ਕਈ ਜੁਰਮ, ਅਦਾਕਾਰ ਸਲਮਾਨ ਖ਼ਾਨ ਨੂੰ ਵੀ ਦਿਤੀ ਧਮਕੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਦਾ ਕਹਿਣਾ ਹੈ ਕਿ ਉਹ ਅਤਿਵਾਦੀ ਨਹੀਂ ਹੈ ਅਤੇ ਨਾ ਹੀ ਉਸ ਦਾ ਕਿਸੇ ਦੇਸ਼ ਵਿਰੋਧੀ ਵਿਅਕਤੀ ਨਾਲ ਕੋਈ ਸਬੰਧ ਹੈ। ਉਸ ਨੇ ਦਸਿਆ ਕਿ ਰਾਜਸਥਾਨ 'ਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦਾ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਜਾਇਦਾਦ ਦੇ ਵਿਵਾਦ 'ਚ ਮਾਰਿਆ। ਕੈਨੇਡਾ 'ਚ ਗੈਂਗਸਟਰ ਸੁੱਖਾ ਦੁਨੇਕੇ ਦਾ ਕਤਲ ਉਸ ਦੇ ਗਰੋਹ ਨੇ ਕੀਤਾ ਹੈ। ਉਸ ਨੇ ਹੀ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ 'ਤੇ ਗੋਲੀਆਂ ਚਲਵਾਈਆਂ ਸਨ। ਉਸ ਨੇ ਹੀ ਰੈਪਰ ਹਨੀ ਸਿੰਘ ਨੂੰ ਪੈਸਿਆਂ ਲਈ ਫ਼ੋਨ ਕੀਤਾ ਸੀ, ਹਾਲਾਂਕਿ ਉਸ ਨਾਲ ਕੋਈ ਦੁਸ਼ਮਣੀ ਨਹੀਂ ਹੈ।

ਗੋਲਡੀ ਬਰਾੜ ਨੇ ਦਸਿਆ ਕਿ ਹੁਣ ਅਤਿਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਉਨ੍ਹਾਂ ਦੇ ਨਿਸ਼ਾਨੇ 'ਤੇ ਹੈ। ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸਾਡੇ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ। ਗੋਲਡੀ ਬਰਾੜ ਨੂੰ ਭਾਰਤ ਸਰਕਾਰ ਨੇ 18 ਦਿਨ ਪਹਿਲਾਂ ਅਤਿਵਦੀ ਐਲਾਨਿਆ ਸੀ। ਗੋਲਡੀ ਨੇ 29 ਮਈ 2022 ਨੂੰ ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੋਲਡੀ ਬਰਾੜ ਵਿਰੁਧ 2 ਪੁਰਾਣੇ ਮਾਮਲਿਆਂ 'ਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਪਰ ਉਹ ਫੜਿਆ ਨਹੀਂ ਜਾ ਸਕਿਆ। ਕੁੱਝ ਸਮਾਂ ਪਹਿਲਾਂ ਉਸ ਦੀ ਲੋਕੇਸ਼ਨ ਅਮਰੀਕਾ ਦੇ ਕੈਲੀਫੋਰਨੀਆ 'ਚ ਦੱਸੀ ਗਈ ਸੀ।

ਗੋਲਡੀ ਬਰਾੜ ਨੇ ਕਿਹਾ, ‘ਮੇਰੀ ਗੈਂਗ ਦਾ ਕਿਸੇ ਅਤਿਵਾਦੀ ਸੰਗਠਨ ਨਾਲ ਸਬੰਧ ਨਹੀਂ ਹੈ। ਮੇਰੀ ਗੈਂਗ ਹਮੇਸ਼ਾ ਅਤਿਵਾਦੀ ਸੰਗਠਨਾਂ ਦੇ ਵਿਰੁਧ ਸੀ ਅਤੇ ਰਹੇਗੀ। ਮੇਰੀ ਗੈਂਗ ਦਾ ਕੋਈ ਵੀ ਮੈਂਬਰ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੈ”।

ਗੋਗਾਮੇੜੀ ਨੂੰ ਲੈ ਕੇ ਵੱਡੇ ਖੁਲਾਸੇ ਕਰਦਿਆਂ ਗੋਲਡੀ ਬਰਾੜ ਨੇ ਕਿਹਾ, “ਅਸੀਂ ਹੀ ਸੁਖਦੇਵ ਸਿੰਘ ਗੋਗਾਮੇੜੀ ਨੂੰ ਮਰਵਾਇਆ ਹੈ। ਉਹ ਹੰਕਾਰੀ ਸੀ, ਇਸ ਲਈ ਅਸੀਂ ਉਸ ਨੂੰ ਮਰਵਾ ਦਿੱਤਾ। ਗੋਗਾਮੇੜੀ ਨਾਲ ਜ਼ਮੀਨ ਨੂੰ ਲੈ ਕੇ ਸਾਡਾ ਝਗੜਾ ਸੀ। ਇਸ ਕਾਰਨ ਗੋਗਾਮੇੜੀ ਨੇ ਸਾਡੀ ਗੈਂਗ ਨਾਲ ਕਾਫੀ ਵਿਵਾਦ ਕੀਤਾ। ਅਸੀਂ ਉਸ ਨੂੰ ਅਜਿਹਾ ਨਾ ਕਰਨ ਲਈ ਬਥੇਰਾ ਸਮਝਾਇਆ ਸੀ ਪਰ ਉਹ ਨਾ ਹਟਿਆ। ਜਿਸ ਤੋਂ ਬਾਅਦ ਰੋਹਿਤ ਗੋਦਾਰਾ ਤੇ ਸਾਡੀ ਗੈਂਗ ਨੇ ਮਿਲ ਕੇ ਉਸ ਦਾ ਕਤਲ ਕਰਵਾ ਦਿਤਾ”।

ਭਾਰਤ ਵੱਲੋਂ ਅਤਿਵਾਦੀ ਐਲਾਨੇ ਗਏ ਸੁੱਖਾ ਦੁੱਨੇਕੇ ਦਾ ਕਤਲ ਵੀ ਸਾਡੀ ਗੈਂਗ ਨੇ ਕਰਵਾਇਆ ਸੀ। ਸੁੱਖਾ ਦੁੱਨੇਕੇ ਸਾਡੇ ਕਈ ਭਰਾਵਾਂ ਦੇ ਕਤਲ ਵਿਚ ਸ਼ਾਮਲ ਸੀ। ਉਸ ਨੇ ਸਾਡੇ ਕਈ ਮੁੰਡਿਆਂ ਨੂੰ ਮਰਵਾਇਆ ਸੀ। ਸੁੱਖਾ ਮੇਰੇ ਭਰਾ ਗੁਰਲਾਲ ਬਰਾੜ ਅਤੇ ਵਿੱਕੀ ਮਿੱਡੂਖੇੜਾ ਕਤਲ ਕੇਸ ਵਿਚ ਸ਼ਾਮਲ ਸੀ। ਫੋਨ 'ਤੇ ਗੱਲ ਕਰਕੇ ਸਾਰੀ ਵਾਰਦਾਤ ਨੂੰ ਉਹ ਹੀ ਹੈਂਡਲ ਕਰ ਰਿਹਾ ਸੀ। ਇਸ ਕਾਰਨ ਸਾਡੀ ਉਸ ਨਾਲ ਨਿੱਜੀ ਰੰਜਿਸ਼ ਚੱਲ ਰਹੀ ਸੀ।

ਗੋਲਡੀ ਬਰਾੜ ਨੇ ਕਿਹਾ ਕਿ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਵੀ ਉਨ੍ਹਾਂ ਦੇ ਨਿਸ਼ਾਨੇ 'ਤੇ ਹੈ। ਉਹ ਕੋਈ ਗੈਂਗਸਟਰ ਨਹੀਂ ਬਲਕਿ ਨਸ਼ੇੜੀ ਹੈ। ਉਹ ਸਿਰਫ਼ ਸ਼ਰੀਫ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਦਾ ਹੈ। ਅਸੀਂ ਛੇਤੀ ਹੀ ਅਰਸ਼ ਡੱਲਾ ਨੂੰ ਵੀ ਮਰਵਾ ਦੇਵਾਂਗੇ। ਉਹ ਸਾਡੀ ਰਾਡਾਰ 'ਤੇ ਹੈ।

ਗੋਲਡੀ ਬਰਾੜ ਨੇ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਦਿੰਦਿਆਂ ਕਿਹਾ, “ਅਸੀਂ ਸਲਮਾਨ ਖਾਨ ਨੂੰ ਜ਼ਰੂਰ ਮਾਰਾਂਗੇ। ਉਹ ਸਾਡੇ ਭਰਾ ਲਾਰੈਂਸ ਦਾ ਦੁਸ਼ਮਣ ਹੈ। ਜੋ ਵਿਅਕਤੀ ਲਾਰੈਂਸ ਦਾ ਦੁਸ਼ਮਣ ਹੈ, ਉਹ ਸਾਡਾ ਵੀ ਦੁਸ਼ਮਣ ਹੈ। ਸਲਮਾਨ ਖਾਨ ਹੰਕਾਰੀ ਹੈ। ਉਸ ਨੂੰ ਨਹੀਂ ਛੱਡਾਂਗੇ। ਸਲਮਾਨ ਖਾਨ ਨੇ ਕਈ ਨਵੇਂ ਕਲਾਕਾਰਾਂ ਨੂੰ ਬਾਲੀਵੁੱਡ 'ਚ ਕੰਮ ਨਹੀਂ ਕਰਨ ਦਿਤਾ। ਸਲਮਾਨ ਖਾਨ ਅਪਣੇ ਆਪ ਨੂੰ ਬਦਮਾਸ਼ ਸਮਝਦਾ ਹੈ। ਅਸੀਂ ਉਸ ਨੂੰ ਦਿਖਾਵਾਂਗੇ ਕਿ ਬਦਮਾਸ਼ੀ ਕੀ ਹੁੰਦੀ ਹੈ”।

ਕੈਨੇਡਾ 'ਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ 'ਤੇ ਫਾਇਰਿੰਗ ਹੋਈ ਸੀ। ਗੋਲਡੀ ਨੇ ਕਿਹਾ ਕਿ ਗਿੱਪੀ ਸਲਮਾਨ ਖਾਨ ਦੇ ਅੱਗੇ ਪਿੱਛੇ ਕਾਫੀ ਘੁੰਮਦਾ ਹੈ। ਇਸ ਲਈ ਸਾਨੂੰ ਇਸ ਬਾਰੇ ਵੀ ਸੋਚਣਾ ਪਿਆ। ਉਹ ਸਿੱਧੂ ਮੂਸੇਵਾਲਾ ਪ੍ਰਤੀ ਵੀ ਜ਼ਿਆਦਾ ਪਿਆਰ ਦਿਖਾ ਰਿਹਾ ਸੀ। ਹਰ ਥਾਂ ਉਹ ਸਾਡੇ ਵਿਰੋਧੀ ਗਰੋਹਾਂ ਨਾਲ ਜ਼ਿਆਦਾ ਘੁਲ ਮਿਲ ਰਿਹਾ ਸੀ। ਬੱਸ ਗੋਲੀ ਚਲਾ ਕੇ ਅਸੀਂ ਉਸ ਨੂੰ ਚਿਤਾਵਨੀ ਦਿਤੀ, ਹੋਰ ਕੁੱਝ ਨਹੀਂ”।

ਗੈਂਗਸਟਰ ਨੇ ਕਿਹਾ, “ਸਾਡੇ ਗਰੋਹ ਦੇ ਕਿਸੇ ਵੀ ਮੈਂਬਰ ਦਾ ਡੀ-ਕੰਪਨੀ ਨਾਲ ਕੋਈ ਸਬੰਧ ਨਹੀਂ ਹੈ। ਨਾ ਹੀ ਸਾਡਾ ਕੋਈ ਸਾਥੀ ਡੀ-ਕੰਪਨੀ ਨਾਲ ਜੁੜਿਆ ਹੋਇਆ ਹੈ। ਦਾਊਦ ਅਤਿਵਾਦੀ ਹੈ। ਅਜਿਹੇ ਗੱਦਾਰਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਜੇ ਉਹ ਗੱਦਾਰ ਅਪਣੇ ਦੇਸ਼ ਦਾ ਨਹੀਂ ਤਾਂ ਉਹ ਸਾਡਾ ਕਿਵੇਂ ਹੋਵੇਗਾ? ਇਸ ਲਈ ਸਾਡਾ ਗਰੋਹ ਦੇਸ਼ ਦੇ ਗੱਦਾਰਾਂ ਨਾਲ ਕੋਈ ਸਬੰਧ ਨਹੀਂ ਰੱਖਦਾ। ਉਸ ਨੂੰ ਮਾਰਨ ਵਿਚ ਭਾਵੇਂ ਸਾਡਾ ਨਾਮ ਆ ਜਾਵੇ, ਪਰ ਉਸ ਨਾਲ ਦੋਸਤੀ ਦਾ ਨਾਮ ਕਦੇ ਨਹੀਂ ਆਵੇਗਾ”।

ਗੋਲਡੀ ਬਰਾੜ ਨੇ ਅੱਗੇ ਕਿਹਾ ਕਿ ਉਸ ਦੇ ਸਾਡੇ ਗਰੋਹ ਵਿਚ 5 ਹਜ਼ਾਰ ਤੋਂ ਵੱਧ ਲੋਕ ਹਨ। ਹਰ ਕਿਸੇ ਨੂੰ ਕਿਸੇ ਨਾ ਕਿਸੇ ਚੀਜ਼ ਦੀ ਲੋੜ ਹੁੰਦੀ ਹੈ। ਇੰਨੇ ਵੱਡੇ ਗਰੋਹ ਨੂੰ ਚਲਾਉਣ ਲਈ ਹਥਿਆਰਾਂ ਦੀ ਲੋੜ ਹੁੰਦੀ ਹੈ। ਹਥਿਆਰਾਂ ਨਾਲ ਕੋਈ ਸਮੱਸਿਆ ਨਹੀਂ ਹੈ। ਜੋ ਵੀ ਤੁਸੀਂ ਚਾਹੁੰਦੇ ਹੋ, ਤੁਸੀਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ. ਪੂਰੀ ਦੁਨੀਆਂ ਵਿਚ ਕੋਈ ਵੀ ਅਜਿਹਾ ਹਥਿਆਰ ਨਹੀਂ ਹੈ ਜੋ ਸਾਡੀ ਪਹੁੰਚ ਤੋਂ ਬਾਹਰ ਹੋਵੇ। ਗੈਂਗਸਟਰ ਨੇ ਕਿਹਾ ਕਿ ਉਸ ਦਾ ਅਗਲਾ ਨਿਸ਼ਾਨਾ ਜਲਦੀ ਹੀ ਸਾਰਿਆਂ ਨੂੰ ਪਤਾ ਲੱਗ ਜਾਵੇਗਾ।