- Updated: August 29, 2024 11:29 AM
ਲੁਧਿਆਣਾ ਦੇ ਰਾਜਗੁਰੂ ਨਗਰ ਸਥਿਤ ਸਿੰਧੀ ਬੇਕਰਜ਼ 'ਤੇ ਗੋਲੀਬਾਰੀ ਕਰਨ ਵਾਲੇ ਦੋ ਗੈਂਗਸਟਰਾਂ ਨੂੰ ਮੋਗਾ ਪੁਲਿਸ ਨੇ ਦੇਰ ਰਾਤ ਹੋਈ ਮੁੱਠਭੇੜ ਵਿੱਚ ਕਾਬੂ ਕਰ ਲਿਆ ਹੈ। ਇੱਕ ਗੈਂਗਸਟਰ ਦੀ ਸੱਜੀ ਲੱਤ 'ਤੇ ਗੋਲੀ ਲੱਗੀ ਹੈ। ਜਦਕਿ ਦੂਜਾ ਗੈਂਗਸਟਰ ਸੱਟ ਨਾਲ ਜ਼ਖ਼ਮੀ ਹੋ ਗਿਆ। ਦੋਵੇਂ ਗੈਂਗਸਟਰਾਂ ਨੂੰ ਦੇਰ ਰਾਤ ਮੋਗਾ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੋਗਾ ਪੁਲਿਸ ਨੇ ਦੋਵਾਂ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਕਰੀਬ ਇੱਕ ਹਫ਼ਤਾ ਪਹਿਲਾਂ ਇਨ੍ਹਾਂ ਦੋ ਬਦਮਾਸ਼ਾਂ ਨੇ ਲੁਧਿਆਣਾ ਦੇ ਸਰਾਭਾ ਨਗਰ ਇਲਾਕੇ ਵਿੱਚ ਏਆਰਆਈ ਦੀ ਰਿਹਾਇਸ਼ ਦੇ ਬਾਹਰ ਗੋਲੀਆਂ ਚਲਾਈਆਂ ਸਨ। ਉਸ ਸਮੇਂ ਬਦਮਾਸ਼ ਬਲੀਨੋ ਕਾਰ ‘ਚ ਸਵਾਰ ਹੋ ਕੇ ਆਏ ਸਨ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਮੁਲਜ਼ਮਾਂ ਦਾ ਪਤਾ ਲਗਾਉਣ ‘ਚ ਲੱਗੀ ਹੋਈ ਸੀ।
ਮੂੰਹ ਢੱਕ ਕੇ ਆਏ ਸਨ ਬਦਮਾਸ਼
ਜਾਣਕਾਰੀ ਅਨੁਸਾਰ ਥਾਣਾ ਸਿਟੀ ਮੋਗਾ ਦੇ ਏ.ਐੱਸ.ਆਈ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਦਿੱਲੀ ਕਾਲੋਨੀ ‘ਚ ਗਸ਼ਤ ਕਰ ਰਹੇ ਸਨ। ਐਕਟਿਵਾ ਸਵਾਰ ਦੋ ਬਦਮਾਸ਼ ਮੂੰਹ ‘ਤੇ ਕੱਪੜਾ ਬੰਨ੍ਹ ਕੇ ਸੜਕ ‘ਤੇ ਆਉਂਦੇ ਦੇਖੇ ਗਏ। ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਲੁਟੇਰਿਆਂ ਨੇ ਐਕਟਿਵਾ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਸਕੂਟਰ ਤਿਲਕ ਗਿਆ। ਡਿੱਗਣ ਤੋਂ ਬਾਅਦ ਲੁਟੇਰੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਲੱਗੇ।
ਇਸ ਦੌਰਾਨ ਗੈਂਗਸਟਰਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮੁਕਾਬਲੇ ‘ਚ ਇਕ ਗੈਂਗਸਟਰ ਦੀ ਸੱਜੀ ਲੱਤ ‘ਤੇ ਗੋਲੀ ਲੱਗੀ ਜਦਕਿ ਦੂਜਾ ਸਕੂਟਰੀ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ। ਇਕ ਗੈਂਗਸਟਰ ਦੀ ਪਛਾਣ ਜਗਮੀਤ ਸਿੰਘ ਉਰਫ ਮੀਤਾ ਵਾਸੀ ਆਰਾ ਬਹੋਨਾ ਚੌਕ ਵਜੋਂ ਹੋਈ ਹੈ। ਪੁਲਿਸ ਨੇ ਬਦਮਾਸ਼ ਕੋਲੋਂ 32 ਬੋਰ ਦਾ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਕੀਤਾ ਹੈ। ਪਿਸਤੌਲ ਦੇ ਚੈਂਬਰ ਵਿੱਚੋਂ ਇੱਕ ਜਿੰਦਾ ਕਾਰਤੂਸ ਵੀ ਬਰਾਮਦ ਹੋਇਆ ਹੈ। ਦੂਜੇ ਲੁਟੇਰੇ ਦਾ ਨਾਮ ਵਿਕਾਸ ਕੁਮਾਰ ਉਰਫ ਕਾਸਾ ਵਾਸੀ ਪਹਾੜਾ ਸਿੰਘ ਚੌਕ ਦੱਸਿਆ ਗਿਆ ਹੈ।