- Updated: June 04, 2026 06:16 PM
ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਜਮਾਲਪੁਰ ਦੇ ਵਿਚਿੱਤਰ ਨਗਰ ਇਲਾਕੇ ਵਿੱਚ ਵੀਰਵਾਰ ਸਵੇਰੇ ਇੱਕ ਘਰ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਘਰ ਦੀ ਇੱਕ ਕੰਧ ਢਹਿ ਗਈ ਅਤੇ ਕਮਰੇ ਵਿੱਚ ਪਿਆ ਬੈੱਡ, ਟੀਵੀ ਸਮੇਤ ਹੋਰ ਸਾਮਾਨ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਿਆ।
ਜਾਣਕਾਰੀ ਮੁਤਾਬਕ ਸਵੇਰੇ ਕਰੀਬ ਸਾਢੇ 6 ਵਜੇ ਇਹ ਘਟਨਾ ਵਾਪਰੀ। ਉਸ ਵੇਲੇ ਘਰ ਵਿੱਚ ਵਿਨੋਦ, ਉਸ ਦੀ ਪਤਨੀ ਰੀਮਾ ਅਤੇ ਉਨ੍ਹਾਂ ਦਾ 17 ਸਾਲਾ ਪੁੱਤਰ ਮੌਜੂਦ ਸਨ। ਜਿਸ ਕਮਰੇ ਵਿੱਚ ਪਰਿਵਾਰ ਸੌਂਦਾ ਸੀ, ਉਸੇ ਵਿੱਚ ਰਸੋਈ ਵੀ ਬਣੀ ਹੋਈ ਸੀ। ਧਮਾਕੇ ਤੋਂ ਬਾਅਦ ਮਾਂ ਅਤੇ ਪੁੱਤਰ ਅੱਗ ਅਤੇ ਮਲਬੇ ‘ਚ ਫਸ ਗਏ, ਜਿਨ੍ਹਾਂ ਨੂੰ ਇਲਾਕਾ ਵਾਸੀਆਂ ਨੇ ਤੁਰੰਤ ਬਾਹਰ ਕੱਢਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਫੌਰੀ ਤੌਰ ‘ਤੇ ਸੀ ਐਮ ਸੀ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਥਾਣਾ ਜਮਾਲਪੁਰ ਦੇ ਏ ਸੀ ਪੀ ਇੰਦਰਜੀਤ ਬੋਪਾਰਾਏ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਗੈਸ ਲੀਕ ਹੋਕੇ ਰਸੋਈ ਵਿੱਚ ਇਕੱਠੀ ਹੋ ਗਈ, ਜਦੋਂ ਸਵੇਰੇ ਚੁੱਲ੍ਹੇ ਵਿੱਚ ਅੱਗ ਬਾਲੀ ਤਾਂ ਜ਼ੋਰਦਾਰ ਧਮਾਕਾ ਹੋ ਗਿਆ । ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਫਿਲਹਾਲ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।