- Updated: August 29, 2024 08:09 AM
ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਨੌਤ ਅਪਣੀਆਂ ਕਈ ਇਤਰਾਜ਼ਯੋਗ ਟਿਪਣੀਆਂ ਕਾਰਨ ਚੁਪਾਸਿਉਂ ਘਿਰਦੀ ਜਾ ਰਹੀ ਹੈ। ਹੁਣ ਜਿਥੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਸ ਵਲੋਂ ਕਿਸਾਨ ਅੰਦੋਲਨ ਵਿਰੁਧ ਕੀਤੀਆਂ ਟਿਪਣੀਆਂ ਦੀ ਨਿਖੇਧੀ ਕੀਤੀ ਹੈ, ਉਥੇ ਹੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਵੀ ਕੰਗਨਾ ਰਨੌਤ ਦੀ ਨਿਖੇਧੀ ਕਰਦਿਆਂ ਉਸ ਵਿਰੁਧ ਮਤਾ ਪਾਸ ਕਰ ਦਿਤਾ ਹੈ। ਇਸ ਦੌਰਾਨ ਹਿਮਾਚਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਜੈ ਰਾਮ ਠਾਕੁਰ ਨੇ ਕਿਹਾ ਹੈ ਕਿ ਇਹ ਕੰਗਨਾ ਰਨੌਤ ਦੇ ਨਿਜੀ ਵਿਚਾਰ ਹਨ ਤੇ ਭਾਰਤੀ ਜਨਤਾ ਪਾਰਟੀ ਦਾ ਉਨ੍ਹਾਂ ਵਿਚਾਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ’ਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਕੰਗਨਾ ਰਨੌਤ ਵਿਰੁਧ ਪੇਸ਼ ਕੀਤੇ ਮਤੇ ਦਾ ਸਮਰਥਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਸਦਨ ’ਚ ਅਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਕੰਗਨਾ ਰਨੌਤ ਦੇ ਬਿਆਨ ਤੋਂ ਕਿਸਾਨਾਂ ’ਚ ਡਾਢਾ ਰੋਹ ਤੇ ਰੋਸ ਹੈ ਅਤੇ ਭਾਜਪਾ ਨੂੰ ਅਪਣੇ ਵਿਵਹਾਰ ’ਤੇ ਮੁੜ ਗ਼ੌਰ ਕਰਨ ਦੀ ਲੋੜ ਹੈ।
ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਮੰਡੀ ਤੋਂ ਐਮਪੀ ਕੰਗਨਾ ਰਨੌਤ ਵਿਰੁਧ ਐਫ਼ਆਈਆਰ ਦਾਇਰ ਹੋਣੀ ਚਾਹੀਦੀ ਹੈ ਕਿਉਂਕਿ ਉਸ ਦੀਆਂ ਟਿਪਣੀਆਂ ਨਾਲ ਦੇਸ਼ ਦੇ ਅਮਨ-ਚੈਨ ਤਕ ਨੂੰ ਖ਼ਤਰਾ ਹੋ ਸਕਦਾ ਹੈ।