ਭਾਰਤ ਆਉਣ ਵਾਲੇ ਸਾਲਾਂ ’ਚ ਤੇਜ਼ ਵਿਕਾਸ ਲਈ ਤਿਆਰ : WEF

ਭਾਰਤ ਆਉਣ ਵਾਲੇ ਸਾਲਾਂ ’ਚ ਤੇਜ਼ ਵਿਕਾਸ ਲਈ ਤਿਆਰ : WEF

ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚੋਂ ਭਾਰਤ ਇਸ ਸਾਲ ਸਭ ਤੋਂ ਤੇਜ਼ ਵਿਕਾਸ ਦਰਜ ਕਰ ਸਕਦਾ ਹੈ ਅਤੇ ਦੇਸ਼ ਇਸ ਸਮੇਂ ਅਰਥਸ਼ਾਸਤਰ ’ਚ ਪ੍ਰਸਿੱਧ ‘ਸਨੋਬਾਲ ਇਫੈਕਟ’ ਦਾ ਸਾਹਮਣਾ ਕਰ ਰਿਹਾ ਹੈ। ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੇ ਮੁਖੀ ਬੋਰਗੇ ਬ੍ਰੇਂਡੇ ਨੇ ਇਹ ਗੱਲ ਕਹੀ।

ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਿਰਿਆ ’ਚ ਬਹੁਤ ਜ਼ਿਆਦਾ ਨਿਵੇਸ਼ ਅਤੇ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ। ਸਨੋਬਾਲ ਇਫੈਕਟ ਦਾ ਅਰਥ ਹੈ ਕਿ ਕਿਸੇ ਇਕ ਘਟਨਾ ਕਾਰਣ ਕਈ ਵੱਡੀਆਂ ਘਟਨਾਵਾਂ ਦਾ ਹੋਣਾ। ਇਸ ਕਾਰਣ ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਵੱਡੀ ਹੁੰਦੀ ਜਾਏਗੀ। ਬ੍ਰੇਂਡੇ ਨੇ ਕਿਹਾ ਕਿ ਭਾਰਤ ’ਚ ਹੋਏ ਸੁਧਾਰਾਂ ਨਾਲ ਲਾਲ ਫੀਤਾਸ਼ਾਹੀ ਘੱਟ ਹੋਈ ਹੈ, ਨਿਵੇਸ਼ ਲਈ ਬਿਹਤਰ ਮਾਹੌਲ ਮਿਲਿਆ ਹੈ ਅਤੇ ਡਿਜੀਟਲ ਕ੍ਰਾਂਤੀ ਵੀ ਤੇਜ਼ੀ ਨਾਲ ਜਾਰੀ ਹੈ। ਉਹ ਭਾਰਤ ਦੇ ਆਰਥਿਕ ਵਿਕਾਸ ਬਾਰੇ ‘ਵਧੇਰੇ ਆਸਵੰਦ ਹਨ’ ਪਰ ਗਲੋਬਲ ਵਿਕਾਸ ਨੂੰ ਲੈ ਕੇ ਉਨ੍ਹਾਂ ਦੀ ਅਜਿਹੀ ਰਾਏ ਨਹੀਂ ਹੈ। ਭਾਰਤ ਇਸ ਸਮੇਂ ਜੀ-20 ਦਾ ਮੁਖੀ ਹੈ ਅਤੇ ਦੁਨੀਆ ਦੀਆਂ ਸਭ ਤੋਂ ਤੇਜੀ਼ ਨਾਲ ਵਧਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚ ਇਕ ਹੈ। ਡਬਲਯੂ. ਈ. ਐੱਫ. ਪਿਛਲੇ ਕਈ ਸਾਲਾਂ ਤੋਂ ਦੇਸ਼ ਨਾਲ ਨੇੜੇਓਂ ਜੁੜਿਆ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਜਦੋਂ ਸਨੋਬਾਲ ਡਿਗਦਾ ਹੈ ਤਾਂ ਇਹ ਵੱਡਾ ਅਤੇ ਹੋਰ ਵੱਡਾ ਹੁੰਦਾ ਜਾਂਦਾ ਹੈ। ਭਾਰਤੀ ਅਰਥਵਿਵਸਥਾ ਦੇ ਨਾਲ ਇਹੀ ਹੋ ਰਿਹਾ ਹੈ। ਬ੍ਰੇਂਡੇ ਨੇ ਕਿਹਾ ਕਿ ਵਿਕਾਸ ਨਾਲ ਵਧੇਰੇ ਨਿਵੇਸ਼, ਵਧੇਰੇ ਨੌਕਰੀਆਂ ਪੈਦਾ ਹੋਣਗੀਆਂ.... ਆਉਣ ਵਾਲੇ ਸਾਲਾਂ ’ਚ ਇਹ ਇਕ ਬਹੁਤ ਤੇਜ਼ ਵਿਕਾਸ ਹੋਵੇਗਾ ਅਤੇ ਤੁਸੀਂ ਇਕ ਅਜਿਹੀ ਸਥਿਤੀ ਦੇਖੋਗੇ ਜਿੱਥੇ ਵਧੇਰੇ ਗਰੀਬੀ ਖਤਮ ਹੋ ਜਾਏਗੀ। ਨੌਜਵਾਨਾਂ ਲਈ ਵਧੇਰੇ ਮੌਕੇ ਹੋਣਗੇ। ਉਨ੍ਹਾਂ ਨੇ ਆਪਣੀ ਭਾਰਤ ਯਾਤਰਾ ਦੌਰਾਨ ਹੋਰ ਲੋਕਾਂ ਤੋਂ ਇਲਾਵਾ ਵੱਖ-ਵੱਖ ਕੇਂਦਰੀ ਮੰਤਰੀਆਂ ਅਤੇ ਪ੍ਰਮੁੱਖ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।