1,75,025 ਸ਼ਰਧਾਲੂਆਂ ਲਈ ਭਾਰਤ ਅਤੇ ਸਾਊਦੀ ਅਰਬ ਨੇ ਹੱਜ ਕੋਟਾ ਸਮਝੌਤੇ ''ਤੇ ਕੀਤੇ ਦਸਤਖ਼ਤ

 1,75,025 ਸ਼ਰਧਾਲੂਆਂ ਲਈ ਭਾਰਤ ਅਤੇ ਸਾਊਦੀ ਅਰਬ ਨੇ ਹੱਜ ਕੋਟਾ ਸਮਝੌਤੇ ''ਤੇ ਕੀਤੇ ਦਸਤਖ਼ਤ

ਭਾਰਤ ਅਤੇ ਸਾਊਦੀ ਅਰਬ ਨੇ ਇਕ ਦੁਵੱਲੇ ਸਮਝੌਤੇ 'ਤੇ ਹਸਤਾਖਰ ਕੀਤੇ ਜਿਸ ਦੇ ਤਹਿਤ ਨਵੀਂ ਦਿੱਲੀ ਨੂੰ 2024 ਤੋਂ ਸਾਲਾਨਾ ਹੱਜ ਯਾਤਰਾ ਲਈ 1,75,025 ਸ਼ਰਧਾਲੂਆਂ ਦਾ ਕੋਟਾ ਅਲਾਟ ਕੀਤਾ ਗਿਆ ਹੈ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਮ੍ਰਿਤੀ ਇਰਾਨੀ ਨੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਦੇ ਨਾਲ ਜੇਦਾਹ ਵਿਚ ਸਾਊਦੀ ਹੱਜ ਅਤੇ ਉਮਰਾਹ ਮੰਤਰੀ ਡਾਕਟਰ ਤੌਫੀਕ ਬਿਨ ਫੌਜ਼ਾਨ ਨਾਲ ਦੁਵੱਲੇ ਹੱਜ ਸਮਝੌਤੇ 2024 'ਤੇ ਹਸਤਾਖਰ ਕੀਤੇ।

ਇਕ ਅਧਿਕਾਰਤ ਬਿਆਨ ਅਨੁਸਾਰ ਹੱਜ 2024 ਲਈ ਭਾਰਤ ਤੋਂ ਕੁੱਲ 1,75,025 ਸ਼ਰਧਾਲੂਆਂ ਦਾ ਕੋਟਾ ਤੈਅ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 1,40,020 ਸੀਟਾਂ ਹੱਜ ਕਮੇਟੀ ਰਾਹੀਂ ਸ਼ਰਧਾਲੂਆਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ, ਜਦਕਿ 35,005 ਸ਼ਰਧਾਲੂਆਂ ਦੀ ਬੁਕਿੰਗ ਪ੍ਰਾਈਵੇਟ ਆਪਰੇਟਰਾਂ ਰਾਹੀਂ ਕੀਤੀ ਜਾਵੇਗੀ। ਈਰਾਨੀ ਨੇ 'ਐਕਸ' 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿਤੀ। ਉਹ ਹੱਜ ਕਾਨਫ਼ਰੰਸ ਵਿਚ ਹਿੱਸਾ ਲੈਣ ਅਤੇ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਹੱਜ ਸਮਝੌਤੇ 2024 'ਤੇ ਦਸਤਖ਼ਤ ਕਰਨ ਲਈ ਐਤਵਾਰ ਨੂੰ ਦੋ ਦਿਨਾਂ ਦੌਰੇ 'ਤੇ ਇਥੇ ਪਹੁੰਚੇ। ਰਾਜਦੂਤ ਡਾਕਟਰ ਸੁਹੇਲ ਖਾਨ, ਕੌਂਸਲ ਜਨਰਲ ਮੁਹੰਮਦ ਸ਼ਾਹਿਦ ਅਤੇ ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮੰਤਰਾਲੇ ਦੇ ਅਧਿਕਾਰੀਆਂ ਨੇ ਜੇਦਾਹ ਹਵਾਈ ਅੱਡੇ 'ਤੇ ਇਰਾਨੀ ਦਾ ਸਵਾਗਤ ਕੀਤਾ।

ਜੇਦਾਹ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ 'ਐਕਸ' 'ਤੇ ਕਿਹਾ, "ਘੱਟ ਗਿਣਤੀ ਮਾਮਲਿਆਂ ਦੀ ਮੰਤਰੀ ਸਮ੍ਰਿਤੀ ਇਰਾਨੀ ਹੱਜ ਕਾਨਫ਼ਰੰਸ ਵਿਚ ਹਿੱਸਾ ਲੈਣ ਅਤੇ ਦੁਵੱਲੇ ਹੱਜ ਸਮਝੌਤੇ 'ਤੇ ਹਸਤਾਖਰ ਕਰਨ ਲਈ ਜੇਦਾਹ ਪਹੁੰਚ ਗਈ ਹੈ।" ਇਕ ਬਿਆਨ 'ਚ ਕਿਹਾ ਗਿਆ ਹੈ ਕਿ ਈਰਾਨੀ ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮਾਮਲਿਆਂ ਦੇ ਮੰਤਰੀ ਤੌਫੀਕ ਬਿਨ ਫੌਜ਼ਾਨ ਅਲ ਰਾਬੀਆ ਨਾਲ ਦੁਵੱਲੀ ਬੈਠਕ ਕਰਨਗੇ ਅਤੇ ਆਉਣ ਵਾਲੀ ਹੱਜ ਯਾਤਰਾ ਨਾਲ ਜੁੜੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕਰਨਗੇ।

ਉਹ ਸੋਮਵਾਰ ਨੂੰ ਜੇਦਾਹ 'ਚ 'ਹੱਜ ਅਤੇ ਉਮਰਾਹ ਕਾਨਫ਼ਰੰਸ' ਦੇ ਤੀਜੇ ਐਡੀਸ਼ਨ ਦੇ ਉਦਘਾਟਨੀ ਸਮਾਰੋਹ 'ਚ ਵੀ ਸ਼ਿਰਕਤ ਕਰਨਗੇ, ਜਿਸ ਦਾ ਆਯੋਜਨ ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮਾਮਲਿਆਂ ਦੇ ਮੰਤਰਾਲੇ ਵਲੋਂ ਕੀਤਾ ਜਾ ਰਿਹਾ ਹੈ।