ਬਾਰਸ਼ ਕਾਰਨ ਦੁਬਈ ਵਿਚ ਭਾਰਤੀ ਨਾਗਰਿਕਾਂ ਨੂੰ ਦੂਤਘਰ ਨੇ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿਤੀ ਸਲਾਹ

ਬਾਰਸ਼ ਕਾਰਨ ਦੁਬਈ ਵਿਚ ਭਾਰਤੀ ਨਾਗਰਿਕਾਂ ਨੂੰ ਦੂਤਘਰ ਨੇ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਦਿਤੀ ਸਲਾਹ

ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਦੂਤਘਰ ਨੇ ਕਿਹਾ ਕਿ ਨਾਗਰਿਕ ਸ਼ਹਿਰ ਵਿਚ ਇਸ ਹਫਤੇ ਭਾਰੀ ਬਾਰਸ਼ ਤੋਂ ਬਾਅਦ ਸੰਚਾਲਨ ਆਮ ਹੋਣ ਤਕ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ।

ਸੰਯੁਕਤ ਅਰਬ ਅਮੀਰਾਤ ਇਸ ਹਫਤੇ ਹੋਈ ਭਾਰੀ ਬਾਰਸ਼ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਕਾਰਨ ਦੁਬਈ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਵਿਆਪਕ ਹੜ੍ਹ ਆਏ ਹਨ।ਦੂਤਘਰ ਨੇ ਕਿਹਾ ਹੈ ਕਿ ਯੂਏਈ ਦੇ ਅਧਿਕਾਰੀ ਸਥਿਤੀ ਨੂੰ ਆਮ ਬਣਾਉਣ ਲਈ 24 ਘੰਟੇ ਕੰਮ ਕਰ ਰਹੇ ਹਨ। ਇਸ ਦੌਰਾਨ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਲਾਹ ਦਿਤੀ ਹੈ ਕਿ ਯਾਤਰੀ ਉਡਾਣਾਂ ਦੇ ਰਵਾਨਾ ਹੋਣ ਦੀ ਤਰੀਕ ਅਤੇ ਸਮੇਂ ਬਾਰੇ ਸਬੰਧਤ ਏਅਰਲਾਈਨ ਤੋਂ ਪੁਸ਼ਟੀ ਕੀਤੀ ਸੂਚਨਾ ਮਿਲਣ ਤੋਂ ਬਾਅਦ ਹੀ ਹਵਾਈ ਅੱਡੇ 'ਤੇ ਆਉਣ-ਜਾਣ ਦੀ ਯਾਤਰਾ ਕਰ ਸਕਦੇ ਹਨ।

ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਇਸ ਹਫਤੇ ਦੇ ਸ਼ੁਰੂ ਵਿਚ ਯੂਏਈ ਵਿਚ ਖਰਾਬ ਮੌਸਮ ਕਾਰਨ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣਾਂ ਦੀ ਗਿਣਤੀ ਅਸਥਾਈ ਤੌਰ 'ਤੇ ਸੀਮਤ ਕਰ ਦਿਤੀ ਗਈ ਹੈ। ਦੂਤਘਰ ਨੇ ਕਿਹਾ, “ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਉਣ ਵਾਲੇ ਜਾਂ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਸਥਿਤੀ ਆਮ ਹੋਣ ਤਕ ਗੈਰ-ਜ਼ਰੂਰੀ ਯਾਤਰਾ ਬਾਰੇ ਮੁੜ ਵਿਚਾਰ ਕਰਨ''। ਇਸ ਵਿਚ ਕਿਹਾ, “ਦੁਬਈ ਵਿਚ ਭਾਰਤੀ ਕੌਂਸਲੇਟ ਜਨਰਲ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਲਈ 17 ਅਪ੍ਰੈਲ ਤੋਂ ਇਕ ਐਮਰਜੈਂਸੀ ਹੈਲਪਲਾਈਨ ਨੰਬਰ ਚਾਲੂ ਕੀਤਾ ਹੈ।''