ਨਾਰਾਜ਼ ਯਾਤਰੀ ਨੇ ਜਹਾਜ਼ ਦੇ ਲੇਟ ਉਡਣ ਤੇ ਪਾਇਲਟ ਦੀ ਕੀਤੀ ਕੁੱਟਮਾਰ, ਵੀਡੀਓ ਹੋਇਆ ਵਾਇਰਲ

ਨਾਰਾਜ਼ ਯਾਤਰੀ ਨੇ ਜਹਾਜ਼ ਦੇ ਲੇਟ ਉਡਣ ਤੇ ਪਾਇਲਟ ਦੀ ਕੀਤੀ ਕੁੱਟਮਾਰ, ਵੀਡੀਓ ਹੋਇਆ ਵਾਇਰਲ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) 'ਤੇ ਐਤਵਾਰ ਨੂੰ ਇਕ ਯਾਤਰੀ ਨੇ ਇੰਡੀਗੋ ਦੀ ਫਲਾਈਟ ਦੇ ਪਾਇਲਟ ਨੂੰ ਥੱਪੜ ਮਾਰ ਦਿੱਤਾ। ਫਲਾਈਟ ਦੀ 13 ਘੰਟੇ ਦੀ ਦੇਰੀ 'ਤੇ ਯਾਤਰੀ ਗੁੱਸੇ 'ਚ ਸੀ। ਇਹ ਘਟਨਾ ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਦੀ ਫਲਾਈਟ (6E-2175) ਵਿੱਚ ਵਾਪਰੀ। ਇਸ ਨੇ ਸਵੇਰੇ 7.40 ਵਜੇ ਉਡਾਣ ਭਰਨੀ ਸੀ, ਜੋ ਧੁੰਦ ਕਾਰਨ ਲੇਟ ਹੋ ਗਈ।

ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ 'ਚ ਪੀਲੇ ਰੰਗ ਦੀ ਹੁਡੀ ਪਹਿਨਿਆ ਯਾਤਰੀ ਸੀਟ ਤੋਂ ਉੱਠ ਕੇ ਪਾਇਲਟ ਕੋਲ ਗਿਆ ਅਤੇ ਥੱਪੜ ਮਾਰਨ ਤੋਂ ਬਾਅਦ ਕਹਿੰਦਾ- ਜਹਾਜ਼ ਚਲਾਉਣਾ ਤਾਂ ਚਲਾਓ ਨਹੀਂ ਤਾਂ ਗੇਟ ਖੋਲ੍ਹ ਦਿਓ। ਯਾਤਰੀ ਦੀ ਹਰਕਤ 'ਤੇ ਏਅਰ ਹੋਸਟੈੱਸ ਨੇ ਕਿਹਾ- ਸਰ, ਇਹ ਗਲਤ ਹੈ। ਤੁਸੀਂ ਇਹ ਨਹੀਂ ਕਰ ਸਕਦੇ। ਇਸ 'ਤੇ ਯਾਤਰੀ ਨੇ ਕਿਹਾ- ਮੈਂ ਅਜਿਹਾ ਕਿਉਂ ਨਹੀਂ ਕਰ ਸਕਦਾ? ਘਟਨਾ ਤੋਂ ਬਾਅਦ ਫਲਾਈਟ 'ਚ ਮੌਜੂਦ ਲੋਕਾਂ ਨੇ ਯਾਤਰੀ ਦੀ ਇਸ ਹਰਕਤ ਦਾ ਵਿਰੋਧ ਵੀ ਕੀਤਾ। ਇਸ ਤੋਂ ਬਾਅਦ ਉਸ ਨੂੰ ਜਹਾਜ਼ ਤੋਂ ਬਾਹਰ ਕੱਢ ਕੇ ਸੁਰੱਖਿਆ ਬਲਾਂ ਦੇ ਹਵਾਲੇ ਕਰ ਦਿਤਾ ਗਿਆ। ਯਾਤਰੀ ਦੀ ਪਛਾਣ ਸਾਹਿਲ ਕਟਾਰੀਆ ਵਜੋਂ ਹੋਈ ਹੈ। ਇੰਡੀਗੋ ਨੇ ਉਸ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਉਹ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹੈ।

                        Image

ਟ੍ਰੈਕਿੰਗ ਵੈੱਬਸਾਈਟ ਫਲਾਈਟ ਅਵੇਅਰ ਦੇ ਮੁਤਾਬਕ, ਇੰਡੀਗੋ ਦੀ ਫਲਾਈਟ ਨੇ ਆਖਿਰਕਾਰ ਸ਼ਾਮ 5.33 ਵਜੇ ਗੋਆ ਲਈ ਉਡਾਣ ਭਰੀ। ਇਹ ਸ਼ਾਮ 7:58 'ਤੇ ਦਾਬੋਲਿਮ 'ਚ ਉਤਰਿਆ। ਉਡਾਣ ਦਾ ਸਮਾਂ 145 ਮਿੰਟ ਸੀ। ਦਿੱਲੀ ਵਿੱਚ ਸੰਘਣੀ ਧੁੰਦ ਕਾਰਨ ਇੰਡੀਗੋ ਦੀਆਂ ਉਡਾਣਾਂ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ। ਫਲਾਈਟ ਦੀ ਦੇਰੀ ਦਾ ਸਮਾਂ ਸਵੇਰੇ ਤੋਂ ਦੁਪਹਿਰ ਤੱਕ ਐਲਾਨਿਆ ਜਾਂਦਾ ਰਿਹਾ।

ਪਾਇਲਟ ਬਦਲਣ ਕਾਰਨ ਫਲਾਈਟ 'ਚ ਕੁਝ ਦੇਰੀ ਵੀ ਹੋਈ। ਦਰਅਸਲ, ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (FDTL) ਦਾ ਨਿਯਮ ਫਲਾਈਟਾਂ ਵਿੱਚ ਲਾਗੂ ਹੁੰਦਾ ਹੈ, ਯਾਨੀ ਪਾਇਲਟਾਂ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਉਡਾਣ ਭਰਨ ਦੀ ਇਜਾਜ਼ਤ ਨਹੀਂ ਹੁੰਦੀ।