ਜਲੰਧਰ ‘ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਨਾਲ ਹੋਇਆ ਵਿਵਾਦ

ਜਲੰਧਰ ‘ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਨਾਲ ਹੋਇਆ ਵਿਵਾਦ

ਜਲੰਧਰ ਵਿਚ ਬੈਂਕ ਐਨਕਲੇਵ ਵਿਚ ਰਸਤਾ ਰੋਕਣ ਨੂੰ ਲੈ ਕੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਜਿਵੇਂ ਹੀ ਗੋਲ਼ੀ ਚੱਲੀ ਤਾਂ ਆਸ-ਪਾਸ ਦੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਦੋਸ਼ ਲਾਏ ਪਰ ਸਵਾਲ ਇਹ ਉੱਠ ਰਿਹਾ ਹੈ ਕਿ ਮਹਿਜ਼ ਰਸਤਾ ਰੋਕਣ ਨੂੰ ਲੈ ਕੇ ਹੀ ਫਾਇਰਿੰਗ ਕਰ ਦਿੱਤੀ ਗਈ। ਇਕ ਧਿਰ ਦਾ ਦੋਸ਼ ਹੈ ਕਿ ਇਕ ਬਲਿੰਕਿਟ ਕੰਪਨੀ ਦੇ ਡਿਲਿਵਰੀ ਬੁਆਏ ਨੇ ਉਨ੍ਹਾਂ ਦੀ ਕਾਰ ਦਾ ਰਸਤਾ ਰੋਕਿਆ। ਉਨ੍ਹਾਂ ਨੂੰ ਸਾਈਡ 'ਤੇ ਹੋਣ ਲਈ ਕਿਹਾ ਪਰ ਉਨ੍ਹਾਂ ਨੇ ਵਿਵਾਦ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਹ ਆਪਣੀ ਗੱਡੀ 'ਚ ਸਵਾਰ ਹੋ ਕੇ ਘਰ ਪਹੁੰਚੇ ਤਾਂ ਉਹ ਲੋਕ ਉਨ੍ਹਾਂ ਦੇ ਪਿੱਛੇ ਆ ਗਏ। ਦੋਸ਼ ਹੈ ਕਿ ਉਹ ਆਪਣੇ ਬੁਲੇਟ 'ਤੇ ਬਾਹਰ ਆਏ ਤਾਂ ਉਨ੍ਹਾਂ ਨੇ ਬੰਦੇ ਬੁਲਾ ਲਏ, ਜਿਸ ਦੇ ਚੱਲਦਿਆਂ ਫਾਇਰਿੰਗ ਕਰਨੀ ਪਈ। 

Image

ਮਿਲੀ ਜਾਣਕਾਰੀ ਮੁਤਾਬਕ ਡਿਲਿਵਰੀ ਬੁਆਏ ਕ੍ਰਿਸ਼ਨ ਕੁਮਾਰ ਸੜਕ ਦੇ ਮੋੜ 'ਤੇ ਕੁਝ ਨੌਜਵਾਨਾਂ ਨਾਲ ਮੋਟਰਸਾਈਕਲ ਖੜ੍ਹਾ ਕਰਕੇ ਉਥੇ ਖੜ੍ਹੇ ਸਨ। ਇਸ ਦੌਰਾਨ ਅਮਰਿੰਦਰ ਸਿੰਘ ਨਾਂ ਦਾ ਵਿਅਕਤੀ ਗੱਡੀ ਲੈ ਕੇ ਆਇਆ ਅਤੇ ਦੋਹਾਂ ਵਿਚਾਲੇ ਰਸਤਾ ਰੋਕਣ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਅਮਰਿੰਦਰ ਸਿੰਘ ਵੱਲੋਂ ਕ੍ਰਿਸ਼ਨ ਨਾਲ ਹੱਥੋਪਾਈ ਕੀਤੀ ਗਈ। ਜਿਸ ਤੋਂ ਬਾਅਦ ਕ੍ਰਿਸ਼ਨ ਉਥੋਂ ਚਲਾ ਗਿਆ ਅਤੇ ਉਸ ਦੇ ਬਾਅਦ ਕੁਝ ਸਾਥੀਆਂ ਨੂੰ ਫੋਨ ਕਰਕੇ ਬੁਲਾ ਲਿਆ। 

ਜਿਸ ਤੋਂ ਬਾਅਦ ਉਨ੍ਹਾਂ ਨੇ ਅਮਰਿੰਦਰ ਸਿੰਘ ਦੇ ਘਰ 'ਤੇ ਹਮਲਾ ਕੀਤਾ ਅਤੇ ਹਥਿਆਰ ਕੱਢ ਲਿਆ। ਦੂਜੇ ਪੱਖ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਆਪ ਨੂੰ ਬਚਾਉਂਦੇ ਹੋਏ ਹਵਾਈ ਫਾਇਰਿੰਗ ਕੀਤੀ। ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਕ੍ਰਾਸ ਪਰਚਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਅਤੇ ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਫਾਇਰਿੰਗ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 7 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਮੌਕੇ ਤੋਂ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਹਾਲਾਂਕਿ ਹਵਾਈ ਫਾਇਰਿੰਗ ਕਰਨ ਵਾਲੇ ਦੇ ਬਿਆਨ ਦਰਜ ਕੀਤੇ ਹਨ ਪਰ ਏ. ਸੀ. ਪੀ. ਮਾਡਲ ਟਾਊਨ ਮਨਮੋਹਨ ਸਿੰਘ ਨੇ ਕਿਹਾ ਕਿ ਹਵਾਈ ਫਾਇਰਿੰਗ ਕਿਹੜੇ ਕਾਰਨਾਂ ਕਰਕੇ ਹੋਈ, ਇਸ ਦੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਗੰਭੀਰਤਾ ਨਾਲ ਜਾਂਚ ਕਰ ਕੇ ਹੀ ਜੋ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।