- Updated: August 06, 2026 07:07 PM
ਜਲੰਧਰ ਤੋਂ ਰੂਸ ਗਏ ਨੌਜਵਾਨ ਨੇ ਟਰੈਵਲ ਏਜੰਟ ਦੀ ਠੱਗੀ ਦਾ ਪਰਦਾਫ਼ਾਸ਼ ਕਰਦੇ ਹੋਏ ਆਪਣੀ ਹੱਢਬੀਤੀ ਵੀਡੀਓ ਜ਼ਰੀਏ ਸਾਂਝੀ ਕੀਤੀ ਹੈ। ਨੌਜਵਾਨ ਨੇ ਦਿੱਲੀ ਹਵਾਈ ਅੱਡੇ ਤੋਂ ਮਾਸਕੋ ਤੱਕ ਪੰਜ ਵੀਡੀਓਜ਼ ਜਾਰੀ ਕੀਤੀਆਂ, ਜਿਸ 'ਚ ਦਾਅਵਾ ਕੀਤਾ ਗਿਆ ਕਿ ਏਜੰਟ ਵੱਲੋਂ ਨੌਕਰੀ, ਰਿਹਾਇਸ਼ ਅਤੇ ਖਾਣੇ ਦੀਆਂ ਜੋ ਸਹੂਲਤਾਂ ਦਿੱਤੀਆਂ ਗਈਆਂ ਸਨ, ਉਹ ਸਭ ਝੂਠੀਆਂ ਨਿਕਲੀਆਂ। ਉਸ ਨੇ ਨੌਜਵਾਨਾਂ ਨੂੰ ਕਿਸੇ ਵੀ ਏਜੰਟ ਦੇ ਧੋਖੇ ਦਾ ਸ਼ਿਕਾਰ ਨਾ ਹੋਣ ਅਤੇ ਰੂਸ ਨਾ ਆਉਣ ਦੀ ਅਪੀਲ ਕੀਤੀ। ਜਲੰਧਰ ਦੇ ਰਾਮਨਗਰ ਦੇ ਰਹਿਣ ਵਾਲੇ ਆਕਾਸ਼ਦੀਪ ਨੇ ਕਿਹਾ ਕਿ ਉਹ 15 ਜੂਨ 2026 ਨੂੰ ਦਿੱਲੀ ਤੋਂ ਇਕ ਫਲਾਈਟ ਰਾਹੀਂ ਮਾਸਕੋ ਪਹੁੰਚਿਆ ਸੀ। ਉਸ ਨੂੰ ਜਲੰਧਰ ਦੇ ਇਕ ਏਜੰਟ ਪਵਨ ਕੁਮਾਰ ਨੇ ਉੱਥੇ ਭੇਜਿਆ ਸੀ।
ਏਜੰਟ ਨੇ ਉਸ ਨੂੰ ਫਲ ਤੋੜਨ ਦੀ ਨੌਕਰੀ ਦੇਣ ਦਾ ਦਾਅਵਾ ਸੀ ਕਿ ਚੰਗੀ ਕਮਾਈ, ਇਕ ਏਅਰ-ਕੰਡੀਸ਼ਨਡ ਕਮਰਾ ਅਤੇ ਵਧੀਆ ਭੋਜਨ ਦਾ ਖਾਣਾ ਵੀ ਮਿਲੇਗਾ। ਹਾਲਾਂਕਿ ਮਾਸਕੋ ਪਹੁੰਚਣ ਤੋਂ ਬਾਅਦ ਏਜੰਟ ਦੇ ਇਕ ਆਦਮੀ ਨੇ ਉਸ ਨੂੰ ਅਤੇ ਹੋਰ ਨੌਜਵਾਨਾਂ ਨੂੰ ਜੰਗਲ ਦੇ ਵਿਚਕਾਰ ਇਕ ਕਬਾੜਖਾਨੇ ਵਰਗੀ ਜਗ੍ਹਾ 'ਚ ਛੱਡ ਦਿੱਤਾ। ਉਸ ਦੇ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਕਈ ਨੌਜਵਾਨ ਹਨ। ਉਸ ਨੇ ਦੱਸਿਆ ਕਿ ਇਕ ਛੋਟੇ ਜਿਹੇ, ਟੁੱਟੇ-ਭੱਜੇ ਕਮਰੇ 'ਚ ਲਗਭਗ 10 ਲੋਕ ਰਹਿ ਰਹੇ ਹਨ ਅਤੇ ਬਾਥਰੂਮ ਦੀ ਹਾਲਤ ਖ਼ਰਾਬ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਕੰਮ ਦਾ ਵੀਜ਼ਾ ਮਿਲਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਰੂਸ ਪਹੁੰਚਣ 'ਤੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਵੀਜ਼ਾ ਇਕ ਟੂਰਿਸਟ ਵੀਜ਼ਾ ਸੀ। ਜਦੋਂ ਉਸ ਨੇ ਏਜੰਟ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੀ ਜ਼ਿੰਮੇਵਾਰੀ ਸਿਰਫ਼ ਉਨ੍ਹਾਂ ਨੂੰ ਰੂਸ ਪਹੁੰਚਾਉਣਾ ਸੀ। ਉਸ ਤੋਂ ਬਾਅਦ ਜੋ ਹੋਇਆ ਉਸ ਲਈ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ। ਉਸ ਨੇ ਵੀਡੀਓ 'ਚ ਦੱਸਿਆ ਕਿ ਉਨ੍ਹਾਂ ਨੂੰ ਮਾਸਕੋ ਹਵਾਈ ਅੱਡੇ ਤੋਂ ਇਕ ਗੱਡੀ 'ਚ ਬਿਠਾ ਕੇ ਜੰਗਲ 'ਚ ਛੱਡ ਦਿੱਤਾ ਗਿਆ ਸੀ।
ਉੱਥੋਂ ਉਹ ਸਾਰੀ ਰਾਤ ਭਟਕਦੇ ਰਹੇ ਅਤੇ ਕਿਸੇ ਤਰ੍ਹਾਂ ਏਜੰਟ ਦੇ ਟਿਕਾਣੇ ਤੱਕ ਪਹੁੰਚੇ। ਉਸ ਨੇ ਵੀਡੀਓ 'ਚ ਆਪਣਾ ਕਮਰਾ ਅਤੇ ਟਾਇਲਟ ਵਿਖਾਉਂਦੇ ਕਿਹਾ ਕਿ ਇਥੇ ਰਹਿਣ-ਸਹਿਣ ਦੀ ਹਾਲਕ ਬੇਹੱਦ ਖ਼ਰਾਬ ਹੈ। ਸਾਰੇ ਨੌਜਵਾਨ ਗੰਦਗੀ ਅਤੇ ਅਸੁਰੱਖਿਅਤ ਵਾਤਾਵਰਣ ਵਿੱਚ ਰਹਿਣ ਲਈ ਮਜਬੂਰ ਹਨ। ਉਸ ਨੇ ਦੱਸਿਆ ਕਿ ਏਜੰਟ ਦੇ ਵਿਅਕਤੀ ਨੇ ਕਿਹਾ ਕਿ ਉਸ ਨੂੰ ਪੂਰਾ ਪੈਸਾ ਨਹੀਂ ਮਿਲਿਆ ਹੈ, ਇਸ ਲਈ ਜਦੋਂ ਤੱਕ ਭੁਗਤਾਣ ਨਹੀਂ ਹੋਵੇਗਾ, ਉਨ੍ਹਾਂ ਨੂੰ ਅੱਗੇ ਕੰਮ ਲਈ ਨਹੀਂ ਲਿਜਾਇਆ ਜਾਵੇਗਾ। ਨੌਜਵਾਨ ਨੇ ਕਿਹਾ ਕਿ ਚਾਰੇ ਪਾਸੇ ਸੰਘਣਾ ਜੰਗਲ ਹੈ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਵੇਂ ਬਾਹਰ ਨਿਕਲਣਾ ਹੈ। ਵੀਡੀਓ 'ਚ ਆਕਾਸ਼ਦੀਪ ਨੇ ਭਾਵੁਕ ਹੋ ਕੇ ਦੱਸਿਆ ਕਿ ਉਸ ਦੀ ਮਾਂ ਜਲੰਧਰ ਦੇ ਹਸਪਤਾਲ 'ਚ ਦਾਖ਼ਲ ਹੈ ਅਤੇ ਉਹ ਖ਼ੁਦ ਰੂਸ 'ਚ ਫਸਿਆ ਹੋਇਆ ਹੈ। ਉਸ ਨੇ ਦੋਸ਼ ਲਗਾਇਆ ਕਿ ਕਈ ਏਜੰਟ ਨੌਜਵਾਨਾਂ ਨੂੰ ਝੂਠੇ ਵਾਅਦੇ ਕਰਕੇ ਰੂਸ ਭੇਜਣ ਲਈ ਮਿਲੀਭੁਗਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰੂਸੀ ਫੌਜ 'ਚ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਸ ਨੇ ਦਾਅਵਾ ਕੀਤਾ ਕਿ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਬਹੁਤ ਸਾਰੇ ਨੌਜਵਾਨ ਇਸੇ ਤਰ੍ਹਾਂ ਉੱਥੇ ਪਹੁੰਚੇ ਹਨ। ਆਕਾਸ਼ਦੀਪ ਨੇ ਪੰਜਾਬ ਅਤੇ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ 'ਚ ਨੌਕਰੀਆਂ ਦੀ ਪੇਸ਼ਕਸ਼ ਕਰਨ ਵਾਲੇ ਕਿਸੇ ਵੀ ਟਰੈਵਲ ਏਜੰਟ 'ਤੇ ਅੰਨ੍ਹਾ ਭਰੋਸਾ ਨਾ ਕਰਨ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਫ਼ੈਸਲਾ ਲੈਣ। ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਮਾਮਲੇ ਨੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।