ਦਿਲ ਦਾ ਦੌਰਾ ਪੈਣ ਕਾਰਨ ਜੇਡੀਯੂ ਦੇ ਕੌਮੀ ਜਨਰਲ ਸਕੱਤਰ ਰਾਜੀਵ ਰੰਜਨ ਦੀ ਹੋਈ ਮੌਤ

ਦਿਲ ਦਾ ਦੌਰਾ ਪੈਣ ਕਾਰਨ ਜੇਡੀਯੂ ਦੇ ਕੌਮੀ ਜਨਰਲ ਸਕੱਤਰ ਰਾਜੀਵ ਰੰਜਨ ਦੀ ਹੋਈ ਮੌਤ

JDU ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਸ਼ਟਰੀ ਬੁਲਾਰੇ ਰਾਜੀਵ ਰੰਜਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਨੇ ਦਿੱਲੀ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਰਾਜੀਵ ਰੰਜਨ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬਹੁਤ ਕਰੀਬੀ ਸਨ। ਉਹ ਨਾਲੰਦਾ ਦੇ ਇਸਲਾਮਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਮੱਧ ਪ੍ਰਦੇਸ਼ ਵਿੱਚ ਬਿਜਲੀ ਬੋਰਡ ਦੇ ਚੇਅਰਮੈਨ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਟਨਾ 'ਚ ਹੋਵੇਗਾ। ਰਾਜੀਵ ਰੰਜਨ ਦੇ ਦੇਹਾਂਤ ਨਾਲ ਜਨਤਾ ਦਲ ਯੂਨਾਈਟਿਡ ਨੂੰ ਵੱਡਾ ਘਾਟਾ ਪਿਆ ਹੈ। ਉਹ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਰੀਬੀਆਂ ਵਿੱਚ ਗਿਣੇ ਜਾਂਦੇ ਸਨ। ਨਿਤੀਸ਼ ਕੁਮਾਰ ਨੇ ਹਾਲ ਹੀ ਵਿੱਚ ਉਨ੍ਹਾਂ ਨੂੰ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਸ਼ਟਰੀ ਬੁਲਾਰੇ ਦੋਵਾਂ ਦੀ ਜ਼ਿੰਮੇਵਾਰੀ ਦਿੱਤੀ ਸੀ।

ਪਿਛਲੇ ਮਹੀਨੇ ਦਿੱਲੀ ਵਿੱਚ ਹੋਈ ਜੇਡੀਯੂ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸੰਗਠਨ ਦਾ ਵਿਸਤਾਰ ਕੀਤਾ ਗਿਆ ਸੀ। ਉਸ ਸਮੇਂ ਰਾਜੀਵ ਰੰਜਨ ਨੂੰ ਰਾਸ਼ਟਰੀ ਜਨਰਲ ਸਕੱਤਰ ਬਣਾਇਆ ਗਿਆ ਸੀ। ਉਨ੍ਹਾਂ ਨੂੰ ਰਾਸ਼ਟਰੀ ਬੁਲਾਰੇ ਦੀ ਭੂਮਿਕਾ ਵੀ ਸੌਂਪੀ ਗਈ ਸੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜੀਵ ਰੰਜਨ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜੀਵ ਰੰਜਨ ਇੱਕ ਨਿਪੁੰਨ ਸਿਆਸਤਦਾਨ ਅਤੇ ਸਮਾਜ ਸੇਵਕ ਸਨ। ਉਨ੍ਹਾਂ ਦੇ ਦੇਹਾਂਤ ਨਾਲ ਰਾਜਸੀ ਅਤੇ ਸਮਾਜਿਕ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੁੱਖ ਮੰਤਰੀ ਨੇ ਇਸ ਦੁੱਖ ਦੀ ਘੜੀ ਵਿੱਚ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ।

ਇਸ ਦੇ ਨਾਲ ਹੀ ਜੇਡੀਯੂ ਦੇ ਮੁੱਖ ਬੁਲਾਰੇ ਨੀਰਜ ਕੁਮਾਰ ਨੇ ਵੀ ਸੋਗ ਪ੍ਰਗਟ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਪ੍ਰਮਾਤਮਾ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।