- Updated: August 23, 2023 10:44 AM
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ 7 ਤੋਂ 10 ਸਤੰਬਰ ਤੱਕ ਨਵੀਂ ਦਿੱਲੀ ਵਿੱਚ ਹੋਣ ਵਾਲੇ G-20 ਸੰਮੇਲਨ ਵਿੱਚ ਹਿੱਸਾ ਲੈਣਗੇ। ਵ੍ਹਾਈਟ ਹਾਊਸ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਰਾਸ਼ਟਰਪਤੀ ਬਾਇਡੇਨ ਦੇ ਟ੍ਰੈਵਲ ਪ੍ਰੋਗਰਾਮ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਸਿਖਰ ਸੰਮੇਲਨ ਵਿੱਚ ਸਵੱਛ ਊਰਜਾ ਪਰਿਵਰਤਨ, ਜਲਵਾਯੂ ਪਰਿਵਰਤਨ, ਯੂਕਰੇਨ ਵਿੱਚ ਜੰਗ ਦੇ ਪ੍ਰਭਾਵ ਅਤੇ ਵਿਸ਼ਵ ਬੈਂਕ ਸਮੇਤ ਬਹੁਪੱਖੀ ਵਿਕਾਸ ਬੈਂਕਾਂ ਦੀ ਸਮਰੱਥਾ ਨੂੰ ਉਤਸ਼ਾਹਿਤ ਕਰਨ ਵਰਗੇ ਮੁੱਦਿਆਂ ‘ਤੇ ਚਰਚਾ ਕਰਨਗੇ । ਰਾਸ਼ਟਰਪਤੀ ਬਾਇਡੇਨ ਅਤੇ G-20 ਦੇ ਨੇਤਾ ਗਲੋਬਲ ਮੁੱਦਿਆਂ ਨਾਲ ਨਜਿੱਠਣ ਲਈ ਸਾਂਝੇ ਯਤਨਾਂ ‘ਤੇ ਚਰਚਾ ਕਰਨਗੇ।
G-20 ਦੀ ਪ੍ਰਧਾਨਗੀ ਨੂੰ ਲੈ ਕੇ ਭਾਰਤ ਦੀ ਸਰਾਹਨਾ ਕਰਦੇ ਹੋਏ ਵ੍ਹਾਈਟ ਹਾਊਸ ਦੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਬਾਇਡੇਨ G-20 ਦੇ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਵੀ ਸ਼ਲਾਘਾ ਕਰਨਗੇ ਅਤੇ ਆਰਥਿਕ ਸਹਿਯੋਗ ਲਈ ਇੱਕ ਪ੍ਰਮੁੱਖ ਮੰਚ ਵਜੋਂ G-20 ਦੇ ਪ੍ਰਤੀ ਅਮਰੀਕੀ ਵਚਨਬੱਧਤਾਵਾਂ ‘ਤੇ ਵੀ ਗੱਲਬਾਤ ਕਰਨਗੇ । ਇਸ ਵਿੱਚ 2026 ਵਿੱਚ ਇਸਦੀ ਮੇਜ਼ਬਾਨੀ ਵੀ ਸ਼ਾਮਿਲ ਹੈ।
ਭਾਰਤ ਨੇ 1 ਦਸੰਬਰ, 2022 ਤੋਂ 30 ਨਵੰਬਰ 2023 ਤੱਕ ਇੱਕ ਸਾਲ ਲਈ G-20 ਦੀ ਪ੍ਰਧਾਨਗੀ ਸੰਭਾਲੀ । ਦੇਸ਼ ਭਰ ਵਿੱਚ ਕਈ ਮੀਟਿੰਗਾਂ ਦੀ ਮੇਜ਼ਬਾਨੀ ਵੀ ਕੀਤੀ। ਇਸ ਦੇ ਨਾਲ ਹੀ, ਇਸ ਸਾਲ ਜੂਨ ਵਿੱਚ ਪੀਐੱਮ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਬਾਇਡੇਨ ਨੇ ਕਿਹਾ ਸੀ ਕਿ ਉਹ ਸਤੰਬਰ ਵਿੱਚ ਨਵੀਂ ਦਿੱਲੀ ਵਿੱਚ ਜੀ-20 ਸਿਖਰ ਸੰਮੇਲਨ ਦੀ ਉਡੀਕ ਕਰ ਰਹੇ ਹਨ।
ਦੱਸ ਦੇਈਏ ਕਿ ਪ੍ਰੈਸ ਰਿਲੀਜ਼ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਹੋਣ ਵਾਲੇ ਅਮਰੀਕਾ-ਆਸਿਆਨ ਸੰਮੇਲਨ ਅਤੇ ਪੂਰਬੀ ਏਸ਼ੀਆ ਸੰਮੇਲਨ ਵਿੱਚ ਸ਼ਿਰਕਤ ਕਰੇਗੀ। ਜਿਸ ਨਾਲ ਅਮਰੀਕਾ-ਆਸਿਆਨ ਸਬੰਧਾਂ ਦਾ ਵਿਸਤਾਰ ਵਧੇਗਾ । ਉਪ-ਰਾਸ਼ਟਰਪਤੀ ਦੀ ਸ਼ਮੂਲੀਅਤ ਸਾਂਝੀ ਖੁਸ਼ਹਾਲੀ, ਸੁਰੱਖਿਆ, ਜਲਵਾਯੂ ਸੰਕਟ, ਸਮੁੰਦਰੀ ਸੁਰੱਖਿਆ, ਟਿਕਾਊ ਆਰਥਿਕ ਵਿਕਾਸ ਅਤੇ ਅੰਤਰਰਾਸ਼ਟਰੀ ਨਿਯਮਾਂ ਨੂੰ ਲਾਗੂ ਕਰਨ ‘ਤੇ ਕੇਂਦਰਿਤ ਹੋਵੇਗੀ।