60 ਲੱਖ ਦਾ ਘਪਲਾ ਹੋਇਆ ਪੰਚਾਇਤੀ ਜ਼ਮੀਨ ''ਚ , ਬੀਡੀਪੀਓ ਮੌਕੇ ਤੋਂ ਫਰਾਰ, ਸੌਂਧ ਨੇ ਸੀਐਮ ਨੂੰ ਕੀਤੀ ਸ਼ਿਕਾਇਤ। 

60 ਲੱਖ ਦਾ ਘਪਲਾ ਹੋਇਆ ਪੰਚਾਇਤੀ ਜ਼ਮੀਨ ''ਚ , ਬੀਡੀਪੀਓ ਮੌਕੇ ਤੋਂ ਫਰਾਰ, ਸੌਂਧ ਨੇ ਸੀਐਮ ਨੂੰ ਕੀਤੀ ਸ਼ਿਕਾਇਤ। 

ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ 60 ਲੱਖ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਕਾਂਗਰਸ ਬਲਾਕ ਸਮਿਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਇਸ ਘੁਟਾਲੇ ਦਾ ਪਰਦਾਫਾਸ਼ ਕਰਨ 'ਚ 'ਆਪ' ਵਿਧਾਇਕ ਦੀ ਮਦਦ ਕੀਤੀ। ਰਿਕਾਰਡ ਦੀ ਤਲਾਸ਼ੀ ਲਈ ਤਾਂ ਪਤਾ ਲਗਿਆ ਕਿ ਖੰਨਾ ਬੀ.ਡੀ.ਪੀ.ਓ. ਦਫ਼ਤਰ ਵਿਚ ਇਕ ਈ.ਓ.ਪੀ.ਐਸ. (ਕਾਰਜਕਾਰੀ ਅਧਿਕਾਰੀ ਪੰਚਾਇਤ ਸੰਮਤੀ) ਖਾਤਾ ਐਚ.ਡੀ.ਐਫ.ਸੀ. ਅਮਲੋਹ ਅਤੇ ਖੰਨਾ ਵਿਚ 2 ਖਾਤੇ ਜੁਲਾਈ ਅਤੇ ਅਕਤੂਬਰ ਮਹੀਨੇ ਵਿਚ ਖੋਲ੍ਹੇ ਗਏ ਸਨ।

ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੀ ਆਮਦਨ ਇਨ੍ਹਾਂ ਖਾਤਿਆਂ ਵਿਚ ਜਮ੍ਹਾਂ ਹੁੰਦੀ ਹੈ ਅਤੇ ਇਸ ਆਮਦਨ ਵਿਚੋਂ ਪੰਚਾਇਤ ਸਕੱਤਰ ਦੀ ਤਨਖਾਹ, ਠੇਕੇ ’ਤੇ ਰੱਖੇ ਮੁਲਾਜ਼ਮਾਂ ਦੀ ਤਨਖਾਹ ਅਤੇ ਚੇਅਰਮੈਨ ਦੀ ਕਾਰ ਦੇ ਖ਼ਰਚੇ ਸ਼ਾਮਲ ਹੁੰਦੇ ਹਨ। ਇਨ੍ਹਾਂ ਖਾਤਿਆਂ ਵਿਚ ਪਿੰਡ ਨਸਰਾਲੀ ਦੀ ਆਮਦਨ ਵਿਚੋਂ 40 ਲੱਖ ਰੁਪਏ ਅਤੇ ਪਿੰਡ ਬੁੱਲ੍ਹੇਪੁਰ ਦੀ ਆਮਦਨ ਵਿਚੋਂ 20 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਸਨ ਅਤੇ ਇਸ ਵਿਚੋਂ ਕੁਝ ਬੇਨਾਮੀ ਫਰਮਾਂ ਨੂੰ ਅਦਾਇਗੀ ਕੀਤੀ ਗਈ ਸੀ ਜਿਨ੍ਹਾਂ ਦੇ ਬੀ.ਡੀ.ਪੀ.ਓ. ਦਫ਼ਤਰ ਵਿਚ ਕੋਈ ਰਿਕਾਰਡ ਨਹੀਂ ਰੱਖਿਆ ਗਿਆ।ਦੋਵੇਂ ਆਗੂਆਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਭ੍ਰਿਸ਼ਟਾਚਾਰ ਵਿਰੁੱਧ ਜਾਲ ਵਿਛਾ ਦਿੱਤਾ, ਜਿਸ ਵਿਚ ਉਹ ਸਫਲ ਰਹੇ। ਵਿਧਾਇਕ ਨੇ ਇਹ ਮਾਮਲਾ ਸੀਐਮ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਤੱਕ ਪਹੁੰਚਾਇਆ ਹੈ। ਸਬੰਧਤ ਬੀਡੀਪੀਓ ਮੌਕੇ ਤੋਂ ਫਰਾਰ ਦੱਸਿਆ ਗਿਆ, ਜਿਸ ਦੇ ਖ਼ਿਲਾਫ ਜਾਂਚ ਦੀ ਮੰਗ ਕੀਤੀ ਗਈ ਹੈ।

ਸੌਂਧ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੀ ਜਾਣਕਾਰੀ ਐੱਸ.ਡੀ.ਐੱਮ. ਖੰਨਾ, ਜ਼ਿਲਾ ਮੈਜਿਸਟ੍ਰੇਟ ਲੁਧਿਆਣਾ ਅਤੇ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਦਿੱਤੀ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਹਰ ਸਰਕਾਰੀ ਰੁਪਇਆ ਵਾਪਸ ਲੈ ਕੇ ਦੋਸ਼ੀਆਂ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।