ਵੱਡੀ ਵਾਰਦਾਤ: ਲੁਧਿਆਣਾ ਵਿਚ ਬਦਮਾਸ਼ਾਂ ਨੇ ਮਸ਼ਹੂਰ ਕਾਰੋਬਾਰੀ ਦੇ ਪੁੱਤ ਨੂੰ ਫੈਕਟਰੀ ਬਾਹਰੋਂ ਅਗਵਾ ਕਰ ਕੇ ਮੰਗੀ ਫਿਰੌਤੀ,ਅਗਵਾਕਾਰਾਂ ਨੇ ਗੋਲੀ ਮਾਰ ਕੇ ਸੜਕ ’ਤੇ ਸੁੱਟਿਆ

ਵੱਡੀ ਵਾਰਦਾਤ: ਲੁਧਿਆਣਾ ਵਿਚ ਬਦਮਾਸ਼ਾਂ ਨੇ ਮਸ਼ਹੂਰ ਕਾਰੋਬਾਰੀ ਦੇ ਪੁੱਤ ਨੂੰ ਫੈਕਟਰੀ ਬਾਹਰੋਂ ਅਗਵਾ ਕਰ ਕੇ ਮੰਗੀ ਫਿਰੌਤੀ,ਅਗਵਾਕਾਰਾਂ ਨੇ ਗੋਲੀ ਮਾਰ ਕੇ ਸੜਕ ’ਤੇ ਸੁੱਟਿਆ

ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਪ੍ਰੇਮ ਸਾਗਰ ਜੈਨ ਦੇ ਭਤੀਜੇ ਅਤੇ ਭੋਲਾ ਜੈਨ ਦੇ ਬੇਟੇ ਸੰਭਵ ਜੈਨ ਨੂੰ ਨੂਰਵਾਲਾ ਰੋਡ ਸਥਿਤ ਫੈਕਟਰੀ ਦੇ ਬਾਹਰੋਂ ਅਗਵਾ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਜਦੋਂ ਉਹ ਆਪਣੀ ਗੱਡੀ ਰਾਹੀਂ ਜਾ ਰਿਹਾ ਸੀ ਤਾਂ ਇਕ ਵਿਅਕਤੀ ਜਾਣ-ਬੁੱਝ ਕੇ ਉਸ ਦੀ ਗੱਡੀ ਨਾਲ ਟਕਰਾ ਗਿਆ। ਜਦੋਂ ਉਸ ਨੇ ਗੱਡੀ ਰੋਕੀ ਤਾਂ 4 ਹੋਰ ਲੋਕ ਜ਼ਬਰਨ ਉਸ ਨੂੰ ਗੱਡੀ 'ਚ ਬਿਠਾ ਕੇ ਆਪਣੇ ਨਾਲ ਲੈ ਗਏ। ਸੰਭਵ ਜੈਨ ਨੇ ਜਦੋਂ ਵਿਰੋਧ ਕੀਤਾ ਤਾਂ ਅਗਵਾਕਾਰਾਂ ਨੇ ਉਸ ਦੇ ਪੱਟ 'ਚ ਗੋਲੀ ਮਾਰ ਦਿੱਤੀ।

ਫਿਰ ਉਸ ਦੀ ਗੱਲ ਉਸ ਦੀ ਪਤਨੀ ਸੋਮਿਆ ਜੈਨ ਨਾਲ ਕਰਵਾਈ। ਅਗਵਾਕਾਰਾਂ ਨੇ ਉਸ ਦੀ ਪਤਨੀ ਨੂੰ ਸਾਰੇ ਗਹਿਣੇ ਅਤੇ ਕੈਸ਼ ਲੈ ਕੇ ਜਗਰਾਓਂ ਪੁਲ ਨੇੜੇ ਆਉਣ ਲਈ ਕਿਹਾ। ਇਸ ਤੋਂ ਬਾਅਦ ਇਸ ਸਾਰੇ ਮਾਮਲੇ ਦੀ ਜਾਣਕਾਰੀ ਮਹਿਲਾ ਆਈ. ਪੀ. ਐੱਸ. ਅਧਿਕਾਰੀ ਨੂੰ ਦਿੱਤੀ ਗਈ। ਪੁਲਸ ਨੇ ਸੰਭਵ ਜੈਨ ਦੀ ਪਤਨੀ ਨਾਲ ਮਿਲ ਕੇ ਅਗਵਾਕਾਰਾਂ 'ਤੇ ਟਰੈਪ ਲਾਇਆ। ਅਗਵਾਕਾਰ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਬੁਲਾਉਂਦੇ ਰਹੇ। ਉਨ੍ਹਾਂ ਨੂੰ ਸ਼ੱਕ ਹੋ ਗਿਆ ਕਿ ਪੁਲਸ ਨੇ ਆਪਣਾ ਜਾਲ ਵਿਛਾਇਆ ਹੋਇਆ ਹੈ।

ਇਸ ਤੋਂ ਬਾਅਦ ਦੋਸ਼ੀਆਂ ਨੇ ਸੰਭਵ ਜੈਨ ਨੂੰ ਜਗਰਾਓਂ ਪੁਲ ਦੇ ਨੇੜੇ ਜ਼ਖਮੀ ਹਾਲਤ 'ਚ ਸੁੱਟ ਦਿੱਤਾ ਅਤੇ ਗੱਡੀ ਲੈ ਕੇ ਫ਼ਰਾਰ ਹੋ ਗਏ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੋਸ਼ੀਆਂ ਨੂੰ ਫੜ੍ਹਨ ਲਈ ਵੱਖ-ਵੱਖ ਟੀਮਾਂ ਨਿਰਧਾਰਿਤ ਕੀਤੀਆਂ ਹਨ, ਜੋ ਕਿ ਦੋਸ਼ੀਆਂ ਦੀ ਭਾਲ 'ਚ ਲੱਗ ਗਈਆਂ ਹਨ। ਸੰਭਵ ਜੈਨ ਦਾ ਇਲਾਜ ਡੀ. ਐੱਮ. ਸੀ. ਹਸਪਤਾਲ 'ਚ ਚੱਲ ਰਿਹਾ ਹੈ। ਉਸ ਦੇ ਪੱਟ 'ਚੋਂ ਗੋਲੀ ਕੱਢਣ ਲਈ ਡਾਕਟਰਾਂ ਵਲੋਂ ਉਸ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ।