- Updated: August 08, 2026 04:47 PM
ਪਠਾਨਕੋਟ-ਡਲਹੌਜ਼ੀ ਹਾਈਵੇਅ (154-ਏ) 'ਤੇ ਬਧਾਨੀ 'ਚ ਸ਼੍ਰੀ ਸਾਈਂ ਡਿਪਲੋਮਾ ਕਾਲਜ ਨੇੜੇ ਇੱਕ ਵੱਡਾ ਸੜਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਬੁੰਗਲ ਤੋਂ ਧਾਰਕਲਾਂ ਜਾ ਰਹੀ ਇਕ ਤੇਜ਼ ਰਫ਼ਤਾਰ ਮਹਿੰਦਰਾ ਸਕਾਰਪੀਓ ਕਾਰ ਇਕ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਅੰਮ੍ਰਿਤਸਰ ਦੇ ਛੇ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੌਜਵਾਨਾਂ ਦੀ ਪਛਾਣ ਰਾਜ ਅਭੈ ਸਿੰਘ (23 ਸਾਲ, ਨਿਵਾਸੀ ਅੰਮ੍ਰਿਤਸਰ), ਵੰਸ਼ (24 ਸਾਲ, ਨਿਵਾਸੀ ਮਜੀਠਾ, ਅੰਮ੍ਰਿਤਸਰ), ਕਰਨਵੀਰ ਸਿੰਘ (25 ਸਾਲ, ਨਿਵਾਸੀ ਅੰਮ੍ਰਿਤਸਰ), ਰਾਜਬੀਰ ਸਿੰਘ (ਨਿਵਾਸੀ ਵੇਰਕਾ, ਅੰਮ੍ਰਿਤਸਰ), ਗੁਰਪ੍ਰੀਤ ਸਿੰਘ (ਨਿਵਾਸੀ ਅੰਮ੍ਰਿਤਸਰ), ਪ੍ਰਦੀਪ ਸਿੰਘ (ਨਿਵਾਸੀ ਵੇਰਕਾ, ਅੰਮ੍ਰਿਤਸਰ) ਵਜੋਂ ਹੋਈ ਹੈ।
ਇਸ ਹਾਸਦੇ ਦੌਰਾਨ ਟਰੱਕ ਡਰਾਈਵਰ ਵੀਰ ਸਿੰਘ ਪੁੱਤਰ ਦੀਵਾਨ ਚੰਦ ਵਾਸੀ ਚੰਬਾ, ਹਿਮਾਚਲ ਪ੍ਰਦੇਸ਼, ਵੀ ਹਾਦਸੇ ਵਿੱਚ ਜ਼ਖਮੀ ਹੋ ਗਿਆ। ਧਾਰਕਲਾਂ ਪੁਲਸ ਸਟੇਸ਼ਨ ਨੇ ਦੋਵਾਂ ਵਾਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਸ. ਐੱਫ. ਦੇ ਅਧਿਕਾਰੀ ਅੰਕੁਰ ਸ਼ਰਮਾ ਨੇ ਦੱਸਿਆ ਕਿ ਸਾਰਿਆਂ ਦੀ ਉਮਰ 23 ਤੋਂ 28 ਸਾਲ ਦੇ ਵਿਚਕਾਰ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਜਦੋਂ ਨੁਕਸਾਨੀ ਗਈ ਸਕਾਰਪੀਓ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਦੇ ਅੰਦਰੋਂ ਦੋ ਸ਼ਰਾਬ ਦੀਆਂ ਬੋਤਲਾਂ, ਇੱਕ ਮਹਿੰਗੀ ਲਗਜ਼ਰੀ ਘੜੀ, 220 ਰੁਪਏ ਨਕਦੀ, ਕੀਮਤੀ ਸਮਾਨ ਨਾਲ ਭਰਿਆ ਇੱਕ ਬੈਗ ਅਤੇ ਇੱਕ ਮਹਿੰਗਾ ਸਮਾਰਟਫੋਨ ਬਰਾਮਦ ਹੋਇਆ। ਐੱਸ. ਐੱਸ. ਐੱਫ. ਦੀ ਟੀਮ ਨੇ ਸਾਰਾ ਸਾਮਾਨ ਉਕਤ ਨੌਜਵਾਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ।