ਈਰਾਨ ''ਤੇ ਹੋ ਸਕਦੈ ਵੱਡਾ ਹਮਲਾ, ਅਮਰੀਕਾ ਨੇ ਨਾਗਰਿਕਾਂ ਨੂੰ ''ਮਿਡਲ ਈਸਟ'' ਛੱਡਣ ਦੀ ਦਿੱਤੀ ਸਲਾਹ

 ਈਰਾਨ ''ਤੇ ਹੋ ਸਕਦੈ ਵੱਡਾ ਹਮਲਾ, ਅਮਰੀਕਾ ਨੇ ਨਾਗਰਿਕਾਂ ਨੂੰ ''ਮਿਡਲ ਈਸਟ'' ਛੱਡਣ ਦੀ ਦਿੱਤੀ ਸਲਾਹ

ਮੱਧ ਪੂਰਬ (ਮਿਡਲ ਈਸਟ) ਵਿੱਚ ਤਣਾਅ ਚਰਮ ਸੀਮਾ 'ਤੇ ਪਹੁੰਚ ਗਿਆ ਹੈ। ਖ਼ਬਰਾਂ ਅਨੁਸਾਰ ਅਮਰੀਕਾ ਅਤੇ ਇਜ਼ਰਾਈਲ ਅੱਜ ਜਾਂ ਭਲਕੇ ਈਰਾਨ ਦੇ ਊਰਜਾ ਬੁਨਿਆਦੀ ਢਾਂਚੇ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਸੰਭਾਵੀ ਹਮਲੇ ਦੇ ਮੱਦੇਨਜ਼ਰ ਅਮਰੀਕਾ ਨੇ ਖਾੜੀ ਦੇਸ਼ਾਂ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫ਼ੌਜ ਨੂੰ ਈਰਾਨ 'ਤੇ ਜ਼ੋਰਦਾਰ ਹਮਲਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਟਰੰਪ ਅਨੁਸਾਰ ਇਸ ਹਮਲੇ ਦਾ ਮਕਸਦ ਤੇਹਰਾਨ ਨੂੰ ਗੋਡਿਆਂ ਭਾਰ ਲਿਆਉਣਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਅਮਰੀਕਾ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਈਰਾਨ ਕੋਲ ਕੋਈ ਪ੍ਰਮਾਣੂ ਹਥਿਆਰ ਨਾ ਰਹੇ। ਪੈਂਟਾਗਨ ਦੇ ਬੁਲਾਰੇ ਨੇ ਵੀ ਪੁਸ਼ਟੀ ਕੀਤੀ ਹੈ ਕਿ ਰੱਖਿਆ ਵਿਭਾਗ ਕਿਸੇ ਵੀ ਕਾਰਵਾਈ ਲਈ ਪੂਰੀ ਤਰ੍ਹਾਂ ਮੁਸਤੈਦ ਹੈ।

ਸੰਯੁਕਤ ਅਰਬ ਅਮੀਰਾਤ (UAE) ਅਤੇ ਜਾਰਡਨ ਸਥਿਤ ਅਮਰੀਕੀ ਦੂਤਾਵਾਸਾਂ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਇਲਾਕਾ ਛੱਡਣ ਜਾਂ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ ਦਿੱਤੀ ਹੈ। ਅਲਰਟ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਹਾਲਾਤ ਕਦੇ ਵੀ ਵਿਗੜ ਸਕਦੇ ਹਨ, ਜਿਸ ਕਾਰਨ ਹਵਾਈ ਮਾਰਗ ਬੰਦ ਹੋ ਸਕਦੇ ਹਨ ਅਤੇ ਉਡਾਣਾਂ ਰੱਦ ਕੀਤੀਆਂ ਜਾ ਸਕਦੀਆਂ ਹਨ। ਅਮਰੀਕਾ ਨੂੰ ਖ਼ਦਸ਼ਾ ਹੈ ਕਿ ਹਮਲੇ ਤੋਂ ਬਾਅਦ ਈਰਾਨ ਪਲਟਵਾਰ ਵਜੋਂ ਖਾੜੀ ਦੇਸ਼ਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ।

ਦੂਜੇ ਪਾਸੇ ਈਰਾਨ ਨੇ ਵੀ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਈਰਾਨ ਦੇ ਕੇਂਦਰੀ ਹੈੱਡਕੁਆਰਟਰ ਦੇ ਕਮਾਂਡਰ ਮੇਜਰ ਜਨਰਲ ਅਲੀ ਅਬਦੁੱਲਾਹੀ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਦੇਸ਼ ਅਮਰੀਕਾ ਦਾ ਸਾਥ ਦੇਵੇਗਾ ਜਾਂ ਵਾਸ਼ਿੰਗਟਨ ਲਈ 'ਢਾਲ' ਬਣੇਗਾ, ਉਸ ਨੂੰ ਜੰਗ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਇਲਾਕੇ ਦੇ ਮੁਸਲਿਮ ਦੇਸ਼ਾਂ ਨੂੰ ਅਮਰੀਕਾ ਨਾਲ ਸਹਿਯੋਗ ਕਰਨ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ ਅਤੇ ਕਿਹਾ ਹੈ ਕਿ ਜੋ ਵੀ ਹਮਲਾਵਰ ਦਾ ਸਾਥ ਦੇਵੇਗਾ, ਉਹ 'ਜੰਗ ਦੀ ਅੱਗ' ਵਿੱਚ ਸੜ ਜਾਵੇਗਾ।

ਇਸ ਤਣਾਅ ਕਾਰਨ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਤਰਾਂ ਅਨੁਸਾਰ, ਸ਼ੇਅਰ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਅਮਰੀਕਾ ਅਤੇ ਇਜ਼ਰਾਈਲ ਆਪਣੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਹਨ।