ਤੜਕਸਾਰ ਅੰਮ੍ਰਿਤਸਰ ''ਚ ਵਾਪਰੀ ਵੱਡੀ ਘਟਨਾ, SBI ਬੈਂਕ ਨੂੰ ਲੱਗੀ ਅੱਗ, ਦਸਤਾਵੇਜ਼ ਤੇ ਹੋਰ ਸਾਮਾਨ ਸੁਆਹ ਹੋਇਆ

ਤੜਕਸਾਰ ਅੰਮ੍ਰਿਤਸਰ ''ਚ ਵਾਪਰੀ ਵੱਡੀ ਘਟਨਾ, SBI ਬੈਂਕ ਨੂੰ ਲੱਗੀ ਅੱਗ, ਦਸਤਾਵੇਜ਼ ਤੇ ਹੋਰ ਸਾਮਾਨ ਸੁਆਹ ਹੋਇਆ

ਅੰਮ੍ਰਿਤਸਰ ਦੇ ਭੀੜ-ਭੜੱਕੇ ਵਾਲੇ ਬਜ਼ਾਰ ਕਟਰਾ ਜੈਮਲ ਸਿੰਘ ਵਿੱਚ ਅੱਜ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਭਾਰਤੀ ਸਟੇਟ ਬੈਂਕ (SBI) ਦੀ ਇੱਕ ਸ਼ਾਖਾ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਵਿੱਚ ਬੈਂਕ ਅੰਦਰ ਪਿਆ ਫਰਨੀਚਰ, ਦਸਤਾਵੇਜ਼ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ।

ਸਰੋਤਾਂ ਅਨੁਸਾਰ, ਅੱਗ ਲੱਗਣ ਦਾ ਕਾਰਨ ਪ੍ਰਾਰੰਭਿਕ ਤੌਰ 'ਤੇ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਖੁਸ਼ਕਿਸਮਤੀ ਨਾਲ, ਅੱਗ ਲੱਗਣ ਵੇਲੇ ਬੈਂਕ ਵਿੱਚ ਕੋਈ ਕਰਮਚਾਰੀ ਮੌਜੂਦ ਨਹੀਂ ਸੀ, ਜਿਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਿਵੇਂ ਹੀ ਇਲਾਕੇ ਦੇ ਲੋਕਾਂ ਨੇ ਇਮਾਰਤ ਵਿੱਚੋਂ ਧੂੰਆ ਨਿਕਲਦਾ ਵੇਖਿਆ, ਉਹਨਾਂ ਨੇ ਤੁਰੰਤ ਦਮਕਲ ਵਿਭਾਗ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਦਮਕਲ ਅਧਿਕਾਰੀਆਂ ਮੁਤਾਬਕ, ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ ਸੀ ਅਤੇ ਹੌਲੀ-ਹੌਲੀ ਹੋਰ ਹਿੱਸਿਆਂ ਵਿੱਚ ਫੈਲ ਗਈ। ਸਮੇਂ ਸਿਰ ਕੀਤੀ ਕਾਰਵਾਈ ਨਾਲ ਵੱਡਾ ਹਾਦਸਾ ਟਲ ਗਿਆ। ਫਿਲਹਾਲ, ਪੁਲਸ ਅਤੇ ਫਾਇਰ ਵਿਭਾਗ ਦੀ ਟੀਮ ਮੌਕੇ 'ਤੇ ਮੌਜੂਦ ਹੈ ਅਤੇ ਅੱਗ ਲੱਗਣ ਦੇ ਅਸਲੀ ਕਾਰਨਾਂ ਦੀ ਜਾਂਚ ਜਾਰੀ ਹੈ।