- Updated: July 12, 2024 01:12 PM
ਪਿਛਲੇ ਤਕਰੀਬਨ 27 ਸਾਲਾਂ ਤੋਂ ਇਟਲੀ ਦੇ ਰੇਜੋ ਇਮੀਲੀਆ ਦੇ ਸ਼ਹਿਰ ਨੋਵੇਲਾਰਾ ਵਿੱਚ ਰਹਿ ਰਹੇ ਪੰਜਾਬੀ ਅਮਰੀਕ ਸਿੰਘ (53) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਵਿਸ਼ਵ ਦੁਆਬਾ ਰਾਜਪੂਤ ਸਭਾ ਇਟਲੀ ਦੇ ਪ੍ਰਧਾਨ ਗੁਰਮੇਲ ਸਿੰਘ ਭੱਟੀ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ ਦਿਨੀ ਅਮਰੀਕ ਸਿੰਘ ਪੁੱਤਰ ਰਸ਼ਪਾਲ ਸਿੰਘ ਰਾਤ ਤਕਰੀਬਨ 9 ਵਜੇ ਆਪਣੇ ਅਪਾਰਟਮੈਂਟ ਵਿੱਚੋਂ ਪੌੜੀਆਂ ਰਾਹੀਂ ਉਤਰ ਕੇ ਕਿਸੇ ਕੰਮ ਲਈ ਥੱਲੇ ਜਾ ਰਿਹਾ ਸੀ ਤਾਂ ਪੌੜੀਆਂ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਉਸ ਦੀ ਧਰਮ ਪਤਨੀ ਜਦੋਂ ਕੰਮ ਤੋਂ ਵਾਪਸ ਘਰ ਆਈ ਤਾਂ ਉਸ ਨੇ ਪੌੜੀਆਂ ਵਿੱਚ ਹੀ ਆਪਣੇ ਪਤੀ ਨੂੰ ਡਿਗਿਆ ਵੇਖਿਆ ਅਤੇ ਐਂਬੂਲੈਂਸ ਨੂੰ ਫੋਨ ਕੀਤਾ। ਮੈਡੀਕਲ ਟੀਮ ਮੌਕੇ ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਤੁਰੰਤ ਹੀ ਉਨ੍ਹਾਂ ਨੇ ਅਮਰੀਕ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਅਮਰੀਕ ਸਿੰਘ ਸਾਲ 1997 ਤੋਂ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਉਸ ਕੋਲ ਇਟਾਲੀਅਨ ਸਿਟੀਜਨਸ਼ਿਪ ਵੀ ਸੀ। ਅਮਰੀਕ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰੀ ਕਾਰਨ ਕੰਮ ਤੋਂ ਛੁੱਟੀਆਂ 'ਤੇ ਸੀ। ਮ੍ਰਿਤਕ ਦਾ ਸੰਬੰਧ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਣਕਾਂ ਨਾਲ ਸੀ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਪੁੱਤਰਾਂ ਛੱਡ ਗਿਆ ਹੈ।