- Updated: June 05, 2026 04:03 PM
ਰੋਪੜ ਦੇ ਨਜ਼ਦੀਕੀ ਪਿੰਡ ਘਨੌਲੀ ਵਿਖੇ ਇਕ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਸੁਖਪ੍ਰੀਤ ਕੌਰ (24) ਵਜੋਂ ਹੋਈ ਹੈ, ਜਿਸ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਸੁਖਪ੍ਰੀਤ ਕੌਰ ਨੇ ਇਕ ਸੁਸਾਈਡ ਨੋਟ ਵੀ ਛੱਡਿਆ ਹੈ, ਜਿਸ ਵਿੱਚ ਉਸ ਨੇ ਸਹੁਰੇ ਪਰਿਵਾਰ ਨੂੰ ਦੋਸ਼ੀ ਦੱਸਿਆ ਹੈ।

ਮ੍ਰਿਤਕ ਸੁਖਪ੍ਰੀਤ ਕੌਰ ਨੇ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਮੈਂ ਆਪਣੀ ਜ਼ਿੰਦਗੀ ਤੋਂ ਇੰਨਾ ਤੰਗ ਆ ਚੁੱਕੀ ਹਾਂ ਕਿ ਮਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਉਸ ਨੇ ਲਿਖਿਆ ਹੈ ਕਿ ਮੇਰਾ ਪਤੀ ਇਟਲੀ ਰਹਿੰਦਾ ਹੈ ਪਰ ਉਸ ਦੇ ਪਰਿਵਾਰ ਨੇ ਉਸ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਹੈ ਅਤੇ ਮੈਨੂੰ ਘਰ ਆ ਕੇ ਕੁੱਟਮਾਰ ਕਰਕੇ ਗਏ ਸਨ ਇਸ ਲਈ ਮੈਂ ਸੁਸਾਈਡ ਕਰ ਰਹੀ ਹਾਂ। ਸੁਸਾਈਡ ਨੋਟ 'ਚ ਸੁਖਪ੍ਰੀਤ ਕੌਰ ਨੇ ਆਪਣੀ ਸੱਸ, ਜੇਠ, ਜੇਠ ਦੀ ਪਤਨੀ ਅਤੇ ਆਪਣੇ ਨਨਾਣ ਅਤੇ ਉਸ ਦੇ ਪਤੀ ਨੂੰ ਦੋਸ਼ੀ ਠਹਿਰਾਇਆ ਹੈ। ਮ੍ਰਿਤਕਾ ਕੁੜੀ ਦੀ ਮਾਤਾ ਨੇ ਕਿਹਾ ਕਿ ਮੇਰੀ ਕੁੜੀ ਨੂੰ ਸਹੁਰੇ ਪਰਿਵਾਰ ਵਾਲੇ ਤੰਗ ਪਰੇਸ਼ਾਨ ਕਰਦੇ ਸਨ। ਇਸ ਲਈ ਉਨ੍ਹਾਂ ਦੀ ਧੀ ਵੱਲੋਂ ਅਜਿਹਾ ਵੱਡਾ ਕਦਮ ਚੁੱਕਿਆ ਗਿਆ ਹੈ।
ਥਾਣਾ ਸਦਰ ਦੇ ਐੱਸ. ਐੱਚ. ਓ. ਸੰਨੀ ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਵੱਲੋਂ ਇਕ ਸੂਚਨਾ ਮਿਲੀ ਸੀ ਕਿ ਕਿਸੇ ਕੁੜੀ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੁੜੀ ਬਲਾਚੌਰ ਦੀ ਰਹਿਣ ਵਾਲੀ ਹੈ ਅਤੇ ਘਨੌਲੀ ਵਿਆਹੀ ਹੋਈ ਹੈ। ਮ੍ਰਿਤਕਾ ਕੁੜੀ ਦਾ ਪਤੀ ਇਟਲੀ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੇ ਕੁੜੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਸੰਨੀ ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਾਰਾ 306 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ।