- Updated: April 04, 2024 01:47 PM
ਆਮ ਆਦਮੀ ਪਾਰਟੀ (ਆਪ) ਲੋਕ ਸਭਾ ਚੋਣਾਂ 'ਚ ਸੂਬੇ ਦੀਆਂ 13 ਸੀਟਾਂ ਜਿੱਤਣ ਲਈ ਪੂਰੀ ਰਣਨੀਤੀ ਨਾਲ ਕੰਮ ਕਰ ਰਹੀ ਹੈ। ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਹਲਕਾ ਵਾਰ ਵਿਧਾਇਕਾਂ ਅਤੇ ਮੰਤਰੀਆਂ ਨਾਲ ਬੈਠਕਾਂ ਕਰ ਰਹੇ ਹਨ। ਇਸ ਦੇ ਨਾਲ ਹੀ ਪਾਰਟੀ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਡਾ. ਸੰਦੀਪ ਪਾਠਕ ਜ਼ਿਲ੍ਹਿਆਂ 'ਚ ਜਾ ਕੇ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ।
ਇਸ ਦੇ ਚਲਦਿਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਫਤਿਹਗੜ੍ਹ ਸਾਹਿਬ ਹਲਕੇ ਦੀ ਬੈਠਕ ਸੱਦੀ, ਜਿਸ 'ਚ ਸਾਰੇ ਵਿਧਾਇਕਾਂ ਸਮੇਤ ਲੋਕ ਸਭਾ ਹਲਕੇ ਦੇ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਵੀ ਸ਼ਾਮਲ ਹੋਏ। ਬੈਠਕ ਦੌਰਾਨ ਮੁੱਖ ਮੰਤਰੀ ਮਾਨ ਨੇ ਵਿਧਾਇਕਾਂ ਤੋਂ ਸਰਕਾਰ ਦੁਆਰਾ ਕੀਤੇ ਲੋਕ-ਪੱਖੀ ਕੰਮਾਂ ਦਾ ਫੀਡਬੈਕ ਲਿਆ।
ਬੈਠਕ ਵਿਚ ਅਗਾਮੀ ਲੋਕ ਸਭਾ ਦੇ ਚੋਣ ਪ੍ਰਚਾਰ ਅਤੇ ਰਣਨੀਤੀ ਨੂੰ ਲੈ ਕੇ ਵੀ ਵਿਸਥਾਰਤ ਚਰਚਾ ਹੋਈ। ਸੀਐਮ ਮਾਨ ਨੇ ਸਾਰੇ ਵਿਧਾਇਕਾਂ ਨੂੰ ਹਦਾਇਤਾਂ ਦਿਤੀਆਂ ਕਿ ਪਾਰਟੀ ਦੁਆਰਾ ਪੰਜਾਬੀਆਂ ਪ੍ਰਤੀ ਕੀਤੇ ਕੰਮਾਂ ਨੂੰ ਜ਼ੋਰਾਂ-ਸ਼ੋਰਾਂ ਨਾਲ਼ ਪ੍ਰਚਾਰਿਆ ਜਾਵੇ ਤਾਂ ਜੋ ਸ੍ਰੀ ਫਤਿਹਗੜ੍ਹ ਸਾਹਿਬ ਹਲਕੇ ਦੀ ਜਿੱਤ ਯਕੀਨੀ ਬਣਾਈ ਜਾ ਸਕੇ।
ਇੱਥੇ ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਮੈਰਾਥਨ ਬੈਠਕਾਂ ਚੱਲ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਸੰਗਰੂਰ ਸੰਸਦੀ ਹਲਕੇ ’ਚ ਪੈਂਦੀਆਂ ਵਿਧਾਨ ਸਭਾ ਚੋਣਾਂ ਦੀ ਅਗਵਾਈ ਕਰਨ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਉੱਚ ਪੱਧਰੀ ਬੈਠਕਾਂ ਕਰ ਕੇ ਰਣਨੀਤੀ ਤੈਅ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਸੀ। ਬੈਠਕ ’ਚ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਤੇ ਹੋਰ ਵੀ ਸਨ।
ਮੁੱਖ ਮੰਤਰੀ ਭਗਵੰਤ ਮਾਨ ਹੁਣ ਖੁਦ ਲੋਕ ਸਭਾ ਚੋਣਾਂ ਦੀ ਰਣਨੀਤੀ ਬਣਾ ਰਹੇ ਹਨ। ਉਹ ਹਰੇਕ ਲੋਕ ਸਭਾ ਸੀਟ ਦੇ ਉਮੀਦਵਾਰ ਅਤੇ ਉਥੇ ਪੈਂਦੇ ਵਿਧਾਨ ਸਭਾ ਸੀਟਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਧਾਇਕਾਂ ਨਾਲ ਮਿਲ ਕੇ ਚੋਣ ਦਾ ਪਲਾਨ ਬਣਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਮਾਰਗਦਰਸ਼ਨ ’ਚ ਹੋਣ ਵਾਲੀਆਂ ਇਨ੍ਹਾਂ ਬੈਠਕਾਂ ’ਚ ਹਰ ਲੋਕ ਸਭਾ ਖੇਤਰ ਦੀ ਵੱਖ-ਵੱਖ ਰਣਨੀਤੀ ਬਣਾਈ ਜਾ ਰਹੀ ਹੈ। ਹਰੇਕ ਸੀਟ ’ਤੇ ਵੱਖ-ਵੱਖ ਮੁੱਦਿਆਂ ਨੂੰ ਪਾਰਟੀ ਵੱਲੋਂ ਉਠਾਇਆ ਜਾਏਗਾ।