ਸਿਆਸਤ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ''ਬਲਕੌਰ ਸਿੰਘ'' ਦੀ ਹੋ ਸਕਦੀ ਹੈ ਐਂਟਰੀ: ਕਾਂਗਰਸ ਵਲੋਂ ਬਠਿੰਡਾ ਸੀਟ ਤੋਂ ਲੜ ਸਕਦੇ ਨੇ ਲੋਕ ਸਭਾ ਚੋਣ

ਸਿਆਸਤ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ''ਬਲਕੌਰ ਸਿੰਘ'' ਦੀ ਹੋ ਸਕਦੀ ਹੈ ਐਂਟਰੀ: ਕਾਂਗਰਸ ਵਲੋਂ ਬਠਿੰਡਾ ਸੀਟ ਤੋਂ ਲੜ ਸਕਦੇ ਨੇ ਲੋਕ ਸਭਾ ਚੋਣ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੋਕ ਸਭਾ ਚੋਣਾਂ ਤੋਂ ਆਪਣਾ ਸਿਆਸੀ ਸਫਰ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਵੱਲੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਦੀ ਚਰਚਾ ਹੈ। ਸੂਤਰਾਂ ਅਨੁਸਾਰ  ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਮਨਾ ਲਿਆ ਹੈ ਅਤੇ ਬਠਿੰਡਾ ਲੋਕ ਸਭਾ ਸੀਟ ਤੋਂ ਬਲਕੌਰ ਸਿੰਘ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ।

ਜਾਣਕਾਰੀ ਅਨੁਸਾਰ ਜਦੋਂ ਹੁਣ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ ਹੈ ਤਾਂ ਬਲਕੌਰ ਸਿੰਘ ਸਿਆਸੀ ਸਫ਼ਰ ਸ਼ੁਰੂ ਕਰਨ ਲਈ ਤਿਆਰ ਹਨ। ਹਾਲਾਂਕਿ ਕਾਂਗਰਸ ਜਾਂ ਮੂਸੇਵਾਲਾ ਦੇ ਪਰਿਵਾਰ ਨੇ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਹੈ। ਕਰੀਬ ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੀ ਹਵੇਲੀ 'ਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਖੁਦ ਰਾਜਨੀਤੀ 'ਚ ਆਉਣ ਦੀ ਗੱਲ ਕਹੀ ਸੀ।

ਹਵੇਲੀ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ - "ਜੇਕਰ ਅਸੀਂ ਰਾਜਨੀਤੀ ਵਿੱਚ ਆ ਗਏ ਤਾਂ ਫ਼ਿਰ ਕਹਿਣਗੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਰਾਜਨੀਤੀ ਕਰਦੇ ਹਨ ਪਰ ਰਾਜਨੀਤੀ ਕਰਨ ਵਾਲੇ ਅਤੇ ਇੱਕ ਆਮ ਆਦਮੀ ਵਿੱਚ ਇਹੀ ਫਰਕ ਹੈ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ ਅਤੇ ਮੇਰੇ ਪੁੱਤਰ ਦਾ ਏ.ਕੇ.-47 ਨਾਲ ਕਤਲ ਕਰ ਦਿੱਤਾ ਗਿਆ ।

ਸਿੱਧੂ ਮੂਸੇਵਾਲਾ ਨੇ ਵੀ ਮਾਨਸਾ ਤੋਂ ਲੜੀ ਸੀ ਚੋਣ
ਸਿੱਧੂ ਮੂਸੇਵਾਲਾ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਾਨਸਾ ਤੋਂ ਚੋਣ ਲੜੀ ਸੀ। ਉਹ ਮਾਨਸਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸਨ ਪਰ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਡਾ: ਵਿਜੇ ਸਿੰਗਲਾ ਨੇ ਹਰਾ ਦਿੱਤਾ ਸੀ।  ਸਿੱਧੂ ਮੂਸੇਵਾਲਾ ਦੀ ਉਹ ਪਹਿਲੀ ਚੋਣ ਸੀ।

ਜ਼ਿਕਰਯੋਗ ਹੈ ਕਿ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਨੂੰ ਪੰਜਾਬ ਦੇ 2 ਅਤੇ ਹਰਿਆਣਾ ਦੇ 4 ਸ਼ਾਰਪ ਸੂਟਰਾਂ ਨੇ ਗੋਲੀ ਮਾਰੀ ਸੀ। ਇਸ ਤੋਂ ਬਾਅਦ ਲਾਰੈਂਸ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ। ਲਾਰੈਂਸ ਬਿਸ਼ਨੋਈ ਦੇ ਕਰੀਬੀ ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਮਰਵਾਇਆ ਹੈ। ਉਸ ਨੇ ਮੂਸੇਵਾਲਾ 'ਤੇ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ।