ਦਿਨ ਚੜ੍ਹਦੇ ਅੰਮ੍ਰਿਤਸਰ ਵਿਚ ਟ੍ਰਿਪਲ ਮਰਡਰ;ਜਾਇਦਾਦ ਭਰਾ ਕੋਲ ਨਾ ਚਲੀ ਜਾਵੇ,ਇਸ ਲਈ ਕੀਤਾ ਮਾਂ,ਭਤੀਜੇ ਤੇ ਭਾਬੀ ਦਾ ਕਤਲ

ਦਿਨ ਚੜ੍ਹਦੇ ਅੰਮ੍ਰਿਤਸਰ ਵਿਚ ਟ੍ਰਿਪਲ ਮਰਡਰ;ਜਾਇਦਾਦ ਭਰਾ ਕੋਲ ਨਾ ਚਲੀ ਜਾਵੇ,ਇਸ ਲਈ ਕੀਤਾ ਮਾਂ,ਭਤੀਜੇ ਤੇ ਭਾਬੀ ਦਾ ਕਤਲ

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੰਦੋਵਾਲੀਆ ਵਿਚ ਦਿਨ ਚੜ੍ਹਦੇ ਹੀ ਤੀਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਨੇ ਅਪਣੀ ਹੀ ਮਾਂ, ਭਰਜਾਈ ਅਤੇ ਭਤੀਜੇ ਦਾ ਕਤਲ ਕਰ ਦਿਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਖੁਦ ਹੀ ਥਾਣੇ ਪਹੁੰਚ ਗਿਆ। ਦਸਿਆ ਜਾ ਰਿਹਾ ਹੈ ਕਿ ਕਾਤਲ ਦਾ ਭਰਾ ਦੁਬਈ ਵਿਚ ਰਹਿ ਰਿਹਾ ਹੈ, ਜਦਕਿ ਉਸ ਦਾ ਪਰਿਵਾਰ ਅੰਮ੍ਰਿਤਸਰ ਵਿਚ ਰਹਿੰਦਾ ਹੈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਫਿਲਹਾਲ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਾਤਲ ਦੀ ਪਛਾਣ 35 ਸਾਲਾ ਅੰਮ੍ਰਿਤਪਾਲ ਸਿੰਘ ਵਾਸੀ ਕੰਦੋਵਾਲੀਆ ਕਸਬਾ ਅਜਨਾਲਾ ਵਜੋਂ ਹੋਈ ਹੈ। ਰਾਤ ਸਮੇਂ ਮੁਲਜ਼ਮ ਨੇ ਅਪਣੀ ਮਾਂ ਮਨਬੀਰ ਕੌਰ, ਭਰਜਾਈ ਅਵਨੀਤ ਕੌਰ ਅਤੇ ਭਤੀਜੇ ਸਮਰਥ ਦਾ ਕਤਲ ਕਰ ਦਿਤਾ।

ਦਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਘਟਨਾ ਨੂੰ ਅੰਜਾਮ ਦਿਤਾ ਗਿਆ ਉਸ ਸਮੇਂ ਮੁਲਜ਼ਮ ਦੀ ਮਾਂ ਬਾਹਰ ਵਰਾਂਡੇ ਵਿਚ ਸੁੱਤੀ ਹੋਈ ਸੀ, ਜਦਕਿ ਅਵਨੀਤ ਕੌਰ ਅਤੇ ਸਮਰਥ ਕਮਰੇ ਵਿਚ ਸੌਂ ਰਹੇ ਸਨ। ਜਿਸ ਤਰ੍ਹਾਂ ਕਤਲ ਨੂੰ ਅੰਜਾਮ ਦਿਤਾ ਗਿਆ, ਉਸ ਤੋਂ ਲੱਗਦਾ ਹੈ ਕਿ ਉਸ ਨੇ ਸੌਂ ਰਹੀ ਮਾਂ 'ਤੇ ਹਮਲਾ ਕੀਤਾ ਸੀ।

ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਦਸਿਆ ਕਿ ਅੰਮ੍ਰਿਤਪਾਲ ਦੀਆਂ 2 ਕੁੜੀਆਂ ਹਨ ਅਤੇ ਉਸ ਨੂੰ ਇਸ ਗੱਲ ਤੋਂ ਪ੍ਰੇਸ਼ਾਨੀ ਸੀ ਕਿ ਉਸ ਦੇ ਭਰਾ ਦਾ ਮੁੰਡਾ ਵਧੀਆ ਸਕੂਲ ਜਾਂਦਾ ਹੈ ਅਤੇ ਉਸ ਦੇ ਅਪਣੇ ਘਰ ਮੁੰਡਾ ਵੀ ਨਹੀਂ ਹੈ,ਜਿਸ ਕਰਕੇ ਉਸ ਨੂੰ ਲਗਦਾ ਸੀ ਕਿ ਸਾਰੀ ਜਾਇਦਾਦ ਉਸ ਦੇ ਭਰਾ ਅਤੇ ਉਸ ਦੇ ਪਰਿਵਾਰ ਨੂੰ ਦੇ ਦਿੱਤੀ ਜਾਵੇਗੀ। ਜਿਸ ਦੇ ਚੱਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿਤਾ ਹੈ। ਉਨ੍ਹਾਂ ਦਸਿਆ ਅੰਮ੍ਰਿਤਪਾਲ ਅਤੇ ਪਤਨੀ ਦਾ ਵੀ ਲੜਾਈ ਝਗੜਾ ਰਹਿੰਦਾ ਸੀ। ਇਸ ਦੌਰਾਨ ਅੰਮ੍ਰਿਤਪਾਲ ਦੀ ਪਤਨੀ ਨੇ ਕਿਹਾ ਕਿ ਅੰਮ੍ਰਿਤਪਾਲ ਆਪ ਕੁੱਝ ਨਹੀਂ ਕਰਦਾ ਸੀ ਅਤੇ ਉਹ ਅਪਣੀਆਂ ਦੋਵੇਂ ਕੁੜੀਆਂ ਨੂੰ ਪੇਕੇ ਲੈ ਕੇ ਚਲੀ ਗਈ ਸੀ। ਜਿਥੇ ਉਹ ਕੁੜੀਆਂ ਦਾ ਪਾਲਣ-ਪੋਸ਼ਨ ਕਰ ਰਹੀ ਸੀ।

ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ। ਪਰਿਵਾਰ ਵਾਲਿਆਂ ਨੇ ਕਈ ਵਾਰ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਉਸ ਨੇ ਇਹ ਤੀਹਰਾ ਕਤਲ ਕੀਤਾ ਹੈ। ਉਸ ਦਾ ਭਰਾ ਪ੍ਰਿਤਪਾਲ ਸਿੰਘ ਦੁਬਈ ਵਿਚ ਕੰਮ ਕਰਦਾ ਹੈ। ਪੁਲਿਸ ਮੁਲਜ਼ਮ ਕੋਲੋਂ ਕਤਲ ਦੇ ਕਾਰਨਾਂ ਬਾਰੇ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।