ਤੀਜੇ ਕਾਰਜਕਾਲ ’ਚ ਭਾਰਤ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ : ਪ੍ਰਧਾਨ ਮੰਤਰੀ ਮੋਦੀ

ਤੀਜੇ ਕਾਰਜਕਾਲ ’ਚ ਭਾਰਤ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ : ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪ੍ਰਗਤੀ ਮੈਦਾਨ ’ਚ IECC ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਭਾਰਤ ਸਾਡੇ ਤੀਜੇ ਕਾਰਜਕਾਲ ’ਚ ਵਿਸ਼ਵ ਦੀ ਤੀਜੀ ਵੱਡੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2014 ’ਚ ਦੇਸ਼ ਦੀ ਅਰਥਵਿਵਸਥਾ 10ਵੇਂ ਨੰਬਰ ’ਤੇ ਸੀ। ਮੋਦੀ ਨੇ ਕਿਹਾ ਕਿ ਸਾਡੇ ਦੂਜੇ ਕਾਰਜਕਾਲ ’ਚ ਦੇਸ਼ ਦੀ ਅਰਥਵਿਵਸਥਾ 10ਵੇਂ ਸਥਾਨ ਤੋਂ 5ਵੇਂ ਸਥਾਨ ’ਤੇ ਪਹੁੰਚ ਗਈ ਹੈ ਅਤੇ ਉਨ੍ਹਾਂ ਨੇ ਗਾਰੰਟੀ ਦਿੱਤੀ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ’ਚ ਅਗਲੀਆਂ ਲੋਕ ਸਭਾ ਚੋਣਾਂ 'ਚ ਐੱਨ.ਡੀ.ਏ. ਦੀ ਸਰਕਾਰ ਬਣਨ 'ਤੇ ਦੇਸ਼ ਦੀ ਅਰਥਵਿਵਸਥਾ ਤੀਜੇ ਸਥਾਨ 'ਤੇ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਦੀ ਰਫ਼ਤਾਰ ਹੋਰ ਤੇਜ਼ੀ ਨਾਲ ਵਧੇਗੀ। ਲੋਕਾਂ ਦੇ ਸੁਫ਼ਨੇ ਜਲਦੀ ਪੂਰੇ ਹੋਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਭਾਰਤ ਮੰਡਪਮ ਕਨਵੈਨਸ਼ਨ ਸੈਂਟਰ ਦੇ ਉਦਘਾਟਨ ਸਮਾਰੋਹ ਵਿਚ ਕਿਹਾ ਕਿ ਦੁਨੀਆ ਇਸ ਗੱਲ ਨੂੰ ਸਵੀਕਾਰ ਕਰ ਰਹੀ ਹੈ ਕਿ ਭਾਰਤ ਲੋਕਤੰਤਰ ਦੀ ਜਨਨੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਾਰਤ ਦਾ ਵਧਦਾ ਹੋਇਆ ਕੱਦ ਦੇਖੇਗੀ ਜਦੋਂ ਨਵੀਂ ਦਿੱਲੀ ਵਿਚ ਨਵਾਂ ਬਣਿਆ ‘ਭਾਰਤ ਮੰਡਪਮ’ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਭਾਰਤ ਮੰਡਪਮ ਨਾਲ ਸੰਮੇਲਨ-ਮੁਖੀ ਸੈਰ-ਸਪਾਟਾ ਗਤੀਵਿਧੀਆਂ ਨੂੰ ਬੜ੍ਹਾਵਾ ਮਿਲੇਗਾ।

ਪ੍ਰਧਾਨ ਮੰਤਰੀ ਨੇ ਨਕਾਰਾਤਮਕ ਸੋਚ ਵਾਲੇ ਲੋਕਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਲੋਕ ਵਿਕਾਸ ਨਾਲ ਜੁੜੇ ਪ੍ਰੋਜੈਕਟਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਰਤੱਵਯ ਪੱਥ ਦੀ ਮਹਿਮਾ ਨੂੰ ਨਿੱਜੀ ਤੌਰ ’ਤੇ ਸਵੀਕਾਰ ਕਰਦੇ ਹਨ, ਉਸੇ ਤਰ੍ਹਾਂ ਨਕਾਰਾਤਮਕ ਸੋਚ ਵਾਲੇ ਲੋਕਾਂ ਦੀ 'ਟੋਲੀ' ਇਕ ਦਿਨ ਭਾਰਤ ਮੰਡਪਮ ਦੀ ਮਹੱਤਤਾ ਨੂੰ ਸਵੀਕਾਰ ਕਰੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਭਾਰਤੀ ਅਜਿਹਾ ਨਹੀਂ ਹੋਵੇਗਾ, ਜੋ ਨਵੇਂ ਸੰਸਦ ਭਵਨ ’ਤੇ ਮਾਣ ਮਹਿਸੂਸ ਨਾ ਕਰਦਾ ਹੋਵੇ। ਸਾਨੂੰ ਸਿਰਫ਼ ਕੰਮ ਕਰਨ ਦੇ ਸੱਭਿਆਚਾਰ ਨੂੰ ਹੀ ਨਹੀਂ ਸਗੋਂ ਕੰਮ ਕਰਨ ਦੇ ਮਾਹੌਲ ਨੂੰ ਵੀ ਬਦਲਣ ਦੀ ਲੋੜ ਹੈ।

ਮੋਦੀ ਨੇ ਕਿਹਾ ਕਿ ਵੱਡਾ ਸੋਚੋ, ਵੱਡੇ ਸੁਫ਼ਨੇ ਲਓ ਅਤੇ ਵੱਡੇ ਕੰਮ ਕਰੋ। ਉਨ੍ਹਾਂ ਕਿਹਾ ਕਿ ਜਲਦ ਹੀ ਨਵੀਂ ਦਿੱਲੀ ਵਿਖੇ ਵਿਸ਼ਵ ਦਾ ਸਭ ਤੋਂ ਵੱਡਾ ਅਜਾਇਬਘਰ ‘ਯੁਗੇ ਯੁਗੀਨ ਭਾਰਤ’ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਹਵਾਈ ਅੱਡੇ ਦੀ ਸਮਰੱਥਾ ਨੂੰ ਵਧਾ ਕੇ 7.5 ਕਰੋੜ ਯਾਤਰੀ ਕੀਤਾ ਜਾ ਚੁੱਕਾ ਹੈ, ਜਦਕਿ 2014 ਵਿਚ ਇਹ ਗਿਣਤੀ 5 ਕਰੋੜ ਦੇ ਕਰੀਬ ਸੀ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਵਿਚ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ’ਤੇ ਲਗਭਗ 34 ਲੱਖ ਕਰੋੜ ਰੁਪਏ ਖਰਚ ਕੀਤੇ ਗਏ ਹਨ।