ਕਿਸਾਨਾਂ ਨੂੰ PM ਮੋਦੀ ਨੇ ਦਿੱਤਾ ਤੋਹਫ਼ਾ,ਜਾਰੀ ਕੀਤੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 14ਵੀਂ ਕਿਸ਼ਤ

ਕਿਸਾਨਾਂ ਨੂੰ PM ਮੋਦੀ ਨੇ ਦਿੱਤਾ ਤੋਹਫ਼ਾ,ਜਾਰੀ ਕੀਤੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 14ਵੀਂ ਕਿਸ਼ਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ 27 ਜੁਲਾਈ 2023 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 14ਵੀਂ ਕਿਸ਼ਤ ਜਾਰੀ ਕੀਤੀ। ਰਾਜਸਥਾਨ ਦੇ ਸੀਕਰ ਤੋਂ ਦੇਸ਼ ਭਰ ਦੇ 8.5 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿਚ 2000 ਰੁਪਏ ਦੀ ਕਿਸ਼ਤ ਟਰਾਂਸਫਰ ਕੀਤੀ ਗਈ। ਕਿਸਾਨਾਂ ਨੂੰ 14ਵੀਂ ਕਿਸ਼ਤ ਵਜੋਂ 17 ਹਜ਼ਾਰ ਕਰੋੜ ਰੁਪਏ ਦਿਤੇ ਗਏ ਹਨ। ਇਸ ਸਕੀਮ ਤਹਿਤ ਹਰ ਸਾਲ ਸਰਕਾਰ ਕਿਸਾਨਾਂ ਦੇ ਖਾਤੇ ਵਿਚ 2-2 ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਟਰਾਂਸਫਰ ਕਰਦੀ ਹੈ।

ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਕਿਸਾਨਾਂ ਦੀ ਮਿਹਨਤ ਮਿੱਟੀ ਵਿੱਚੋਂ ਸੋਨਾ ਕੱਢ ਦਿੰਦੀ ਹੈ। ਇਸ ਪ੍ਰੋਗਰਾਮ ਵਿੱਚ ਪੀਐੱਮ ਮੋਦੀ ਨੇ ਦੇਸ਼ ਨੂੰ 1.25 ਲੱਖ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ (PMKSK) ਵੀ ਸਮਰਪਿਤ ਕੀਤਾ ਹੈ। ਸਰਕਾਰ ਪੜ੍ਹਾਅਵਾਰ ਤਰੀਕੇ ਨਾਲ ਦੇਸ਼ ਵਿੱਚ ਪ੍ਰਚੂਨ ਖਾਦ ਦੀਆਂ ਦੁਕਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮਰਿਧੀ ਕੇਂਦਰ ਵਿੱਚ ਤਬਦੀਲ ਕਰ ਰਹੀ ਹੈ। ਇਸ ਨਾਲ ਕੇਂਦਰ ਕਿਸਾਨਾਂ ਨੂੰ ਖੇਤੀ ਲਈ ਕੱਚਾ ਮਾਲ, ਮਿੱਟੀ ਪਰਖ, ਬੀਜ ਅਤੇ ਖਾਦ ਮੁਹੱਈਆ ਕਰਵਾਉਣਗੇ। 

ਇਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਇਹ ਵਿੱਤੀ ਸਹਾਇਤਾ ਕਿਸਾਨਾਂ ਨੂੰ ਉਨ੍ਹਾਂ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਅਤੇ ਉਨ੍ਹਾਂ ਦੀ ਸਮੁੱਚੀ ਭਲਾਈ ਵਿੱਚ ਯੋਗਦਾਨ ਪਾਉਣ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-Kisan) ਦੀ ਸ਼ੁਰੂਆਤ 24 ਫਰਵਰੀ, 2019 ਨੂੰ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ ਸਿੱਧੇ ਲਾਭ ਟ੍ਰਾਂਸਫਰ (ਡੀਬੀਟੀ) ਪ੍ਰਣਾਲੀ ਰਾਹੀਂ ਦੇਸ਼ ਭਰ ਦੇ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਪ੍ਰਤੀ ਸਾਲ 6,000 ਰੁਪਏ ਤਿੰਨ ਬਰਾਬਰ ਕਿਸ਼ਤਾਂ ਵਿੱਚ ਦਿੱਤੇ ਜਾਂਦੇ ਹਨ। ਹੁਣ ਤੱਕ ਦੇਸ਼ ਭਰ ਦੇ 11 ਕਰੋੜ ਤੋਂ ਵੱਧ ਕਿਸਾਨਾਂ ਨੂੰ 2.42 ਲੱਖ ਕਰੋੜ ਰੁਪਏ ਤੋਂ ਵੱਧ ਦਾ ਲਾਭ ਦਿੱਤਾ ਜਾ ਚੁੱਕਾ ਹੈ।