ਪਰਿਣੀਤੀ ਤੇ ਰਾਘਵ ਚੱਢਾ ਨੂੰ ਡੇਟਿੰਗ ਦੀਆਂ ਖ਼ਬਰਾਂ ਵਿਚਾਲੇ ‘ਆਪ’ ਸਾਂਸਦ ਨੇ ਦਿੱਤੀ ਵਧਾਈ

ਪਰਿਣੀਤੀ ਤੇ ਰਾਘਵ ਚੱਢਾ ਨੂੰ ਡੇਟਿੰਗ ਦੀਆਂ ਖ਼ਬਰਾਂ ਵਿਚਾਲੇ ‘ਆਪ’ ਸਾਂਸਦ ਨੇ ਦਿੱਤੀ ਵਧਾਈ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ‘ਆਪ’ ਨੇਤਾ ਰਾਘਵ ਚੱਢਾ ਦੇ ਡੇਟਿੰਗ ਦੀਆਂ ਅਫਵਾਹਾਂ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਹਨ। ਦੋਵਾਂ ਨੂੰ ਮੁੰਬਈ ‘ਚ ਲਗਾਤਾਰ ਦੋ ਦਿਨ ਲੰਚ ਅਤੇ ਡਿਨਰ ਡੇਟ ‘ਤੇ ਦੇਖਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਸੁਰਖੀਆਂ ‘ਚ ਛਾਈਆਂ ਹੋਈਆਂ ਸਨ। ਇਸ ਦੇ ਨਾਲ ਹੀ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਵੀ ਟਵੀਟ ਕਰ ਦਿੱਤਾ ਜਿਸ ਨਾਲ ਉਨ੍ਹਾਂ ਦੇ ਇੱਕ ਹੋਣ ਦੀਆਂ ਖਬਰਾਂ ਨੂੰ ਹੋਰ ਹਵਾ ਮਿਲ ਰਹੀ ਹੈ।

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਟਵੀਟ ਵਿੱਚ ਲਿਖਿਆ, “ਮੈਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਦਿਲੋਂ ਵਧਾਈ ਦਿੰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦੋਵਾਂ ਨੂੰ ਪਿਆਰ, ਖੁਸ਼ੀ ਤੇ ਇੱਕ-ਦੂਜੇ ਦੇ ਸਾਥ ਨਾਲ ਭਰਿਆ ਰਹੇ। ਮੇਰੀਆਂ ਸ਼ੁਭਕਾਮਨਾਵਾਂ।”

                          Image

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਜੋੜੇ ਨੇ ਵ੍ਹਾਈਟ ‘ਚ ਟਵੀਨਿੰਗ ਕੀਤੀ ਸੀ। ਇਸ ਤੋਂ ਬਾਅਦ ਹੀ ਦੋਵਾਂ ਬਾਰੇ ਡੇਟਿੰਗ ਦੀਆਂ ਅਫਵਾਹਾਂ ਉੱਡ ਰਹੀਆਂ ਹਨ।

ਹਾਲਾਂਕਿ, ਵੀਡੀਓ ਵਾਇਰਲ ਹੋਣ ‘ਤੇ ‘ਆਪ’ ਸੰਸਦ ਰਾਘਵ ਚੱਢਾ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਅਫਵਾਹਾਂ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਸੀ ਕਿ “ਮੈਨੂੰ ਰਾਜਨੀਤੀ ਦੇ ਸਵਾਲ ਪੁੱਛੋ, ਪਰਿਣੀਤੀ ਦੇ ਨਹੀਂ।”

ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿੱਚ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਵੀ ‘ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰ ਆਨਰਜ਼’ ਨਾਲ ਸਨਮਾਨਿਤ ਕੀਤਾ ਗਿਆ ਸੀ। ਦੇਸ਼ ਵਿੱਚ ਪਹਿਲੀ ਵਾਰ ਕਿਸੇ ਨੂੰ ਇਹ ਸਨਮਾਨ ਮਿਲਿਆ ਹੈ। ਇਹ ਸਮਾਗਮ ਬਰਤਾਨੀਆ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖਦਿਆਂ ਕਰਵਾਇਆ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਪਰਿਣੀਤੀ ਚੋਪੜਾ ਨੇ ਯੂਕੇ ਦੇ ਮੈਨਚੈਸਟਰ ਸਕੂਲ ਤੋਂ ਪੜ੍ਹਾਈ ਕੀਤੀ ਹੈ, ਜਦੋਂ ਕਿ ਰਾਘਵ ਚੱਢਾ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੜ੍ਹਾਈ ਕੀਤੀ ਹੈ।