NCB ਦੀ ਸਰਹੱਦੀ ਪਿੰਡ ਅਟਾਰੀ ਦੇ ਪ੍ਰਾਈਵੇਟ ਹਸਪਤਾਲ ’ਚ ਵੱਡੀ ਰੇਡ, ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਬਰਾਮਦ

NCB ਦੀ ਸਰਹੱਦੀ ਪਿੰਡ ਅਟਾਰੀ ਦੇ ਪ੍ਰਾਈਵੇਟ ਹਸਪਤਾਲ ’ਚ ਵੱਡੀ ਰੇਡ, ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਬਰਾਮਦ

ਨਸ਼ਿਆਂ ਖ਼ਿਲਾਫ਼ ਜਾਰੀ ਮੁਹਿੰਮ ਤਹਿਤ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਐੱਨ. ਸੀ. ਬੀ. ਦੀ ਟੀਮ ਨੇ ਸਰਹੱਦ ਦੇ ਨੇੜਲੇ ਪਿੰਡ ਅਟਾਰੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਰੇਡ ਕਰ ਕੇ ਭਾਰੀ ਮਾਤਰਾ ਵਿਚ ਟ੍ਰਾਮਾਡੋਲ ਅਤੇ ਹੋਰ ਨਸ਼ੀਲੀਆਂ ਗੋਲੀਆਂ ਜ਼ਬਤ ਕੀਤੀਆਂ ਹਨ। ਜਾਣਕਾਰੀ ਅਨੁਸਾਰ ਹਸਪਤਾਲ ਦੇ ਮਾਲਕ ਕੋਲ ਪਾਬੰਦੀਸ਼ੁਦਾ ਗੋਲੀਆਂ ਵੇਚਣ ਦਾ ਕੋਈ ਲਾਇਸੈਂਸ ਨਹੀਂ ਸੀ, ਪਰ ਉਹ ਫਿਰ ਵੀ ਗੈਰ-ਕਾਨੂੰਨੀ ਢੰਗ ਨਾਲ ਇਹ ਗੋਲੀਆਂ ਵੇਚ ਰਿਹਾ ਸੀ।

ਹਸਪਤਾਲ ਦੇ ਅੰਦਰ ਹੀ ਇਕ ਦਵਾਈਆਂ ਦੀ ਦੁਕਾਨ ਬਣਾਈ ਹੋਈ ਸੀ, ਪਰ ਹਸਪਤਾਲ ਕਿਸੇ ਹੋਰ ਡਾਕਟਰ ਦੇ ਨਾਂ ’ਤੇ ਚਲਾਇਆ ਜਾ ਰਿਹਾ ਸੀ। ਐੱਨ. ਸੀ. ਬੀ. ਦੀ ਟੀਮ ਨੇ ਪਿੰਡ ਵਿਚ ਰਹਿਣ ਵਾਲੇ ਇਕ ਹੋਰ ਨਾਮਵਰ ਵਿਅਕਤੀ ਦੇ ਘਰ ’ਤੇ ਵੀ ਰੇਡ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਵਿਭਾਗ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਸੀ ਅਤੇ ਐੱਫ. ਆਈ. ਆਰ. ਦਰਜ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਵਾਈਆਂ ਦੀ ਦੁਕਾਨ ਦਾ ਮਾਲਕ ਲੁਧਿਆਣਾ ਦੇ ਕਿਸੇ ਦਵਾਈ ਵਿਕਰੇਤਾ ਤੋਂ ਟ੍ਰਾਮਾਡੋਲ ਅਤੇ ਹੋਰ ਨਸ਼ੀਲੀਆਂ ਗੋਲੀਆਂ ਖਰੀਦਦਾ ਸੀ, ਜਿਸ ਦੀ ਪੁਖ਼ਤਾ ਸੂਚਨਾ ਮਿਲਣ ਤੋਂ ਬਾਅਦ ਐੱਨ. ਸੀ. ਬੀ. ਦੀ ਇਕ ਹੋਰ ਟੀਮ ਨੇ ਲੁਧਿਆਣਾ ਦੇ ਉਸ ਦਵਾਈ ਵਿਕਰੇਤਾ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਹੁਣ ਇਹ ਗੰਭੀਰ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ ਆਖ਼ਿਰਕਾਰ ਕਿਸਦੀ ਸ਼ਹਿ ’ਤੇ ਇਹ ਨਸ਼ੀਲੀਆਂ ਗੋਲੀਆਂ ਬਿਨਾਂ ਲਾਇਸੈਂਸ ਦੇ ਇਲਾਕੇ ਵਿਚ ਸ਼ਰੇਆਮ ਵਿਕ ਰਹੀਆਂ ਸਨ।

ਐੱਨ. ਸੀ. ਬੀ. ਵੱਲੋਂ ਟ੍ਰਾਮਾਡੋਲ ਗੋਲੀਆਂ ਜ਼ਬਤ ਕਰਨ ਦਾ ਇਹ ਮਾਮਲਾ ਕੋਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵਿਭਾਗ ਨੇ ਇਕ ਵੱਡੀ ਕਾਰਵਾਈ ਕਰਦਿਆਂ ਕਰੋੜਾਂ ਰੁਪਏ ਦੀਆਂ ਟ੍ਰਾਮਾਡੋਲ ਗੋਲੀਆਂ ਅਤੇ ਕੋਡੀਨ ਸਿਰਪ ਜ਼ਬਤ ਕੀਤੇ ਸਨ, ਜਿਸ ਦੇ ਲਈ ਬਾਕਾਇਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਿਭਾਗ ਨੂੰ ਵਧਾਈ ਦਿੱਤੀ ਗਈ ਸੀ ਅਤੇ ਇਸ ਸਫ਼ਲ ਕੰਮ ਲਈ ਪ੍ਰਸ਼ੰਸਾ ਕੀਤੀ ਗਈ ਸੀ। ਸਥਾਨਕ ਬਾਬਾ ਬਕਾਲਾ ਦੇ ਇਕ ਝੋਲਾਛਾਪ ਡਾਕਟਰ ਦੇ ਸਕੂਟਰ ਵਿਚੋਂ ਜਦੋਂ ਵਿਭਾਗ ਨੇ ਟ੍ਰਾਮਾਡੋਲ ਗੋਲੀਆਂ ਜ਼ਬਤ ਕੀਤੀਆਂ, ਤਾਂ ਅਗਲੀ ਜਾਂਚ ਵਧਦੀ ਹੋਈ ਉੱਤਰਾਖੰਡ ਤੱਕ ਪਹੁੰਚ ਗਈ ਸੀ ਅਤੇ ਉਸ ਫੈਕਟਰੀ ਦਾ ਖੁਲਾਸਾ ਹੋਇਆ ਸੀ, ਜਿੱਥੇ ਇਹ ਟ੍ਰਾਮਾਡੋਲ ਗੋਲੀਆਂ ਗੈਰ-ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਸਨ।

ਕਸਬਾ ਅਟਾਰੀ ਦੀ ਗੱਲ ਕਰੀਏ ਤਾਂ ਬੀਤੇ ਦਿਨ ਹੀ ਇੱਥੋਂ ਦੇ ਸਥਾਨਕ ਸਰਪੰਚ ਵੱਲੋਂ ਇਹ ਖੁਲਾਸਾ ਕੀਤਾ ਗਿਆ ਸੀ ਕਿ ਪਿੰਡ ਵਿਚ 250 ਤੋਂ ਵੱਧ ਲੋਕਾਂ ਦੀ ਨਸ਼ੇ ਦੀ ਲਤ ਕਾਰਨ ਮੌਤ ਹੋ ਚੁੱਕੀ ਹੈ। ਇਲਾਕੇ ਵਿਚ ਨਸ਼ੇ ਦੀ ਆਮਦ ਅਤੇ ਡ੍ਰੋਨ ਦੀ ਮੂਵਮੈਂਟ ਬਾਰੇ ਵੀ ਬਾਕਾਇਦਾ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਗਈ ਸੀ। ਜਿਸ ਦਿਨ ਇਸ ਬਾਰੇ ਖੁਲਾਸਾ ਕੀਤਾ ਗਿਆ ਸੀ, ਉਸੇ ਦਿਨ ਇਕ ਹੋਰ ਨੌਜਵਾਨ ਗਗਨਦੀਪ ਸਿੰਘ ਦੀ ਵੀ ਮੌਤ ਹੋ ਗਈ ਸੀ, ਜਿਸ ਦੇ ਪਰਿਵਾਰ ਵਿਚ ਪਹਿਲਾਂ ਵੀ ਦੋ ਮੌਤਾਂ ਭਿਆਨਕ ਨਸ਼ੇ ਦੇ ਕਾਰਨ ਹੋ ਚੁੱਕੀਆਂ ਸਨ।