ਪੰਜਾਬ ਭਾਜਪਾ ’ਚ ਨਵੇਂ ਢਾਂਚੇ ਨੇ ਛੇੜਿਆ ‘ਅੰਦਰੂਨੀ ਤੂਫ਼ਾਨ’

 ਪੰਜਾਬ ਭਾਜਪਾ ’ਚ ਨਵੇਂ ਢਾਂਚੇ ਨੇ ਛੇੜਿਆ ‘ਅੰਦਰੂਨੀ ਤੂਫ਼ਾਨ’

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੇ ਦਰਮਿਆਨ ਪਾਰਟੀ ਦੇ ਅੰਦਰੋਂ ਉੱਠ ਰਹੀ ਨਾਰਾਜ਼ਗੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕੇਵਲ ਸਿੰਘ ਢਿੱਲੋਂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਐਲਾਨੇ ਗਏ ਨਵੇਂ ਜੱਥੇਬੰਦਕ ਢਾਂਚੇ ਅਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਟਕਸਾਲੀ ਆਗੂਆਂ ਅਤੇ ਵਰਕਰਾਂ ਦੇ ਇੱਕ ਹਿੱਸੇ ਵਿੱਚ ਪੈਦਾ ਹੋਈ ਨਾਰਾਜ਼ਗੀ ਹੁਣ ਅੰਦਰੂਨੀ ਗਲਿਆਰਿਆਂ ਤੋਂ ਨਿਕਲ ਕੇ ਸੋਸ਼ਲ ਮੀਡੀਆ ਤੱਕ ਪਹੁੰਚਦੀ ਨਜ਼ਰ ਆ ਰਹੀ ਹੈ। ਇਹ ਸਥਿਤੀ ਭਾਜਪਾ ਲਈ ਇਸ ਕਰਕੇ ਵੀ ਗੰਭੀਰ ਮੰਨੀ ਜਾ ਰਹੀ ਹੈ ਕਿਉਂਕਿ ਪਾਰਟੀ ਪੰਜਾਬ ਵਿੱਚ ਪਹਿਲਾਂ ਹੀ ਆਪਣੇ ਪੁਰਾਣੇ ਕਾਡਰ ਨੂੰ ਨਵੇਂ ਸਿਆਸੀ ਸਮੀਕਰਨਾਂ ਨਾਲ ਜੋੜਨ ਦੀ ਵੱਡੀ ਕਵਾਇਦ ਵਿੱਚੋਂ ਲੰਘ ਰਹੀ ਹੈ। ਅਜਿਹੇ ਸਮੇਂ ਜੇਕਰ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਵਰਕਰ ਹੀ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਨ ਲੱਗ ਪਏ ਤਾਂ ਇਸ ਦਾ ਸਿੱਧਾ ਅਸਰ ਜ਼ਮੀਨੀ ਸੰਗਠਨ ’ਤੇ ਪੈ ਸਕਦਾ ਹੈ।

ਪਾਰਟੀ ਦੇ ਟਕਸਾਲੀ ਆਗੂਆਂ ਅਤੇ ਵਰਕਰਾਂ ਵਿੱਚੋਂ ਉੱਠ ਰਹੀ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਦਹਾਕਿਆਂ ਤੱਕ ਬਿਨਾਂ ਕਿਸੇ ਅਹੁਦੇ ਜਾਂ ਸਿਆਸੀ ਲਾਭ ਦੀ ਉਮੀਦ ਤੋਂ ਪਾਰਟੀ ਲਈ ਕੰਮ ਕੀਤਾ, ਉਨ੍ਹਾਂ ਨੂੰ ਨਵੇਂ ਢਾਂਚੇ ਵਿੱਚ ਉਮੀਦ ਮੁਤਾਬਕ ਨੁਮਾਇੰਦਗੀ ਨਹੀਂ ਮਿਲੀ। ਕਈ ਵਰਕਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਅਤੇ ਪੋਸਟਾਂ ਨੂੰ ਸਿਰਫ਼ ਨਿੱਜੀ ਨਾਰਾਜ਼ਗੀ ਨਹੀਂ, ਸਗੋਂ ਪਾਰਟੀ ਦੇ ਅੰਦਰ ਪੈਦਾ ਹੋ ਰਹੀ ਬੇਚੈਨੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਜੇਕਰ ਇਹ ਰੋਸ ਵੱਖ-ਵੱਖ ਜ਼ਿਲ੍ਹਿਆਂ, ਮੰਡਲਾਂ, ਵਾਰਡਾਂ ਅਤੇ ਬੂਥ ਪੱਧਰ ਤੱਕ ਫੈਲਦਾ ਹੈ ਤਾਂ ਭਾਜਪਾ ਦੀ ‘ਬੂਥ ਮਜ਼ਬੂਤੀ’ ਮੁਹਿੰਮ ਲਈ ਇਹ ਵੱਡੀ ਚੁਣੌਤੀ ਬਣ ਸਕਦਾ ਹੈ।

ਪੰਜਾਬ ਭਾਜਪਾ ਨੇ ਪਿਛਲੇ ਸਮੇਂ ਦੌਰਾਨ ਆਪਣਾ ਸਿਆਸੀ ਆਧਾਰ ਵਧਾਉਣ ਲਈ ਦੂਜੀਆਂ ਪਾਰਟੀਆਂ ਤੋਂ ਆਏ ਕਈ ਆਗੂਆਂ ਨੂੰ ਵੀ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਹਨ। ਇਸ ਨਾਲ ਪਾਰਟੀ ਦਾ ਸਿਆਸੀ ਦਾਇਰਾ ਤਾਂ ਵਧਿਆ ਹੈ, ਪਰ ਇਸ ਦੇ ਨਾਲ ਹੀ ਪੁਰਾਣੇ ਕਾਡਰ ਅਤੇ ਨਵੇਂ ਆਏ ਆਗੂਆਂ ਵਿਚਕਾਰ ਸੰਤੁਲਨ ਬਣਾਉਣਾ ਵੀ ਲੀਡਰਸ਼ਿਪ ਲਈ ਚੁਣੌਤੀ ਬਣਿਆ ਹੋਇਆ ਹੈ। ਹੁਣ ਟਕਸਾਲੀ ਵਰਕਰਾਂ ਦਾ ਸਵਾਲ ਹੈ ਕਿ ਜੇਕਰ ਪਾਰਟੀ ਨੂੰ 2027 ਵਿੱਚ ਪੰਜਾਬ ਦੀ ਸੱਤਾ ਦੀ ਦੌੜ ਵਿੱਚ ਗੰਭੀਰ ਦਾਅਵੇਦਾਰ ਬਣਨਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਹੀ ਮਜ਼ਬੂਤ ਕਰਨਾ ਪਵੇਗਾ। ਚੋਣਾਂ ਸਿਰਫ਼ ਵੱਡੇ ਆਗੂਆਂ ਦੀਆਂ ਰੈਲੀਆਂ ਨਾਲ ਨਹੀਂ, ਸਗੋਂ ਬੂਥ ਪੱਧਰ ’ਤੇ ਖੜ੍ਹੇ ਵਰਕਰਾਂ ਦੀ ਮਿਹਨਤ ਨਾਲ ਲੜੀਆਂ ਜਾਂਦੀਆਂ ਹਨ।

ਇਸ ਦੌਰਾਨ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਸੰਗਠਨ ਨਾਲ ਜੁੜੇ ਆਗੂ ਸ੍ਰੀਨਿਵਾਸੁਲੂ ਵਿਚਕਾਰ ਤਾਲਮੇਲ ਨੂੰ ਲੈ ਕੇ ਵੀ ਸਿਆਸੀ ਹਲਕਿਆਂ ਵਿੱਚ ਚਰਚਾ ਚੱਲ ਰਹੀ ਹੈ। ਹਾਲਾਂਕਿ ਦੋਵਾਂ ਆਗੂਆਂ ਵਿਚਕਾਰ ਕਿਸੇ ਤਰ੍ਹਾਂ ਦੇ ਮਤਭੇਦ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ, ਪਰ ਪਾਰਟੀ ਦੇ ਅੰਦਰੂਨੀ ਫੈਸਲਿਆਂ ਅਤੇ ਸੰਗਠਨਾਤਮਕ ਤਬਦੀਲੀਆਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਕਿਆਸਅਰਾਈਆਂ ਜ਼ਰੂਰ ਲਾਈਆਂ ਜਾ ਰਹੀਆਂ ਹਨ। ਲੁਧਿਆਣਾ ਵਿੱਚ ਹੋਈ ਅਹਿਮ ਮੀਟਿੰਗ ਤੋਂ ਬਾਅਦ ਦਿੱਲੀ ਜਾਣ ਸਮੇਂ ਦੋਵਾਂ ਆਗੂਆਂ ਦਾ ਵੱਖ-ਵੱਖ ਵਾਹਨਾਂ ਵਿੱਚ ਜਾਣਾ ਵੀ ਸਿਆਸੀ ਚਰਚਾ ਦਾ ਵਿਸ਼ਾ ਬਣਿਆ। ਪਰ ਸਿਆਸੀ ਹਲਕੇ ਇਸ ਨੂੰ ਪਾਰਟੀ ਦੇ ਅੰਦਰਲੇ ਤਾਲਮੇਲ ਦੇ ਸੰਦਰਭ ਵਿੱਚ ਆਪਣੇ-ਆਪਣੇ ਢੰਗ ਨਾਲ ਦੇਖ ਰਹੇ ਹਨ।

ਪੰਜਾਬ ਭਾਜਪਾ ਦੇ ਅੰਦਰ ਪੈਦਾ ਹੋ ਰਹੀ ਇਹ ਨਾਰਾਜ਼ਗੀ ਵਿਰੋਧੀ ਸਿਆਸੀ ਪਾਰਟੀਆਂ ਲਈ ਵੀ ਇੱਕ ਵੱਡਾ ਮੁੱਦਾ ਬਣ ਸਕਦੀ ਹੈ। ਕਾਂਗਰਸ ਸਮੇਤ ਵਿਰੋਧੀ ਧਿਰਾਂ ਪਹਿਲਾਂ ਹੀ ਭਾਜਪਾ ਦੇ ਸੰਗਠਨਾਤਮਕ ਵਿਸਥਾਰ ਅਤੇ 2027 ਵਿੱਚ ਸੱਤਾ ਦੀ ਦੌੜ ਵਿੱਚ ਸ਼ਾਮਲ ਹੋਣ ਦੇ ਦਾਅਵਿਆਂ ਨੂੰ ਚੁਣੌਤੀ ਦੇ ਰਹੀਆਂ ਹਨ।ਜੇਕਰ ਭਾਜਪਾ ਦੇ ਆਪਣੇ ਹੀ ਟਕਸਾਲੀ ਵਰਕਰ ਜਨਤਕ ਤੌਰ ’ਤੇ ਨਾਰਾਜ਼ਗੀ ਜ਼ਾਹਰ ਕਰਦੇ ਰਹੇ ਤਾਂ ਵਿਰੋਧੀਆਂ ਨੂੰ ਭਾਜਪਾ ਦੀ ‘ਅੰਦਰੋਂ ਕਮਜ਼ੋਰ’ ਤਸਵੀਰ ਪੇਸ਼ ਕਰਨ ਲਈ ਵੱਡਾ ਸਿਆਸੀ ਹਥਿਆਰ ਮਿਲ ਸਕਦਾ ਹੈ। ਖਾਸ ਕਰਕੇ ਪੰਜਾਬ ਵਰਗੇ ਸੂਬੇ ਵਿੱਚ, ਜਿੱਥੇ ਚੋਣੀ ਰਾਜਨੀਤੀ ਵਿੱਚ ਸਥਾਨਕ ਆਗੂਆਂ ਅਤੇ ਜ਼ਮੀਨੀ ਕਾਡਰ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਰਹਿੰਦੀ ਹੈ, ਇਹ ਨਾਰਾਜ਼ਗੀ ਭਾਜਪਾ ਲਈ ਆਸਾਨੀ ਨਾਲ ਨਜ਼ਰਅੰਦਾਜ਼ ਕਰਨ ਵਾਲਾ ਮਾਮਲਾ ਨਹੀਂ।

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਭਾਜਪਾ ਦੀ ਕੇਂਦਰੀ ਅਤੇ ਸੂਬਾ ਲੀਡਰਸ਼ਿਪ ਸਮੇਂ ਸਿਰ ਨਾਰਾਜ਼ ਟਕਸਾਲੀ ਆਗੂਆਂ ਨੂੰ ਮਨਾਉਣ ਵਿੱਚ ਸਫਲ ਹੁੰਦੀ ਹੈ ਜਾਂ ਨਹੀਂ। ਜੇਕਰ ਨਾਰਾਜ਼ਗੀ ਨੂੰ ਸ਼ੁਰੂਆਤੀ ਪੜਾਅ ’ਤੇ ਹੀ ਦੂਰ ਕਰ ਲਿਆ ਗਿਆ ਤਾਂ ਇਹ ਵਿਵਾਦ ਪਾਰਟੀ ਲਈ ਵੱਡੇ ਨੁਕਸਾਨ ਤੋਂ ਬਚ ਸਕਦਾ ਹੈ। ਪਰ ਜੇਕਰ ਇਹ ਚਿੰਗਾਰੀ ਜ਼ਿਲ੍ਹਿਆਂ ਤੋਂ ਹੁੰਦੀ ਹੋਈ ਮੰਡਲਾਂ, ਵਾਰਡਾਂ ਅਤੇ ਬੂਥਾਂ ਤੱਕ ਪਹੁੰਚ ਗਈ ਤਾਂ 2027 ਦੀ ਚੋਣ ਤੋਂ ਪਹਿਲਾਂ ਭਾਜਪਾ  ਲਈ ਇਹ ਅੰਦਰੂਨੀ ਚਣੌਤੀ ਸਿਰਦਰਦੀ ਬਣ ਸਕਦੀ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਭਾਜਪਾ ਦੀ ਨਵੀਂ ਲੀਡਰਸ਼ਿਪ ‘ਨਵੇਂ ਚਿਹਰੇ’ ਅਤੇ ‘ਟਕਸਾਲੀ ਕਾਡਰ’ ਵਿਚਕਾਰ ਸੰਤੁਲਨ ਕਿਵੇਂ ਬਣਾਉਂਦੀ ਹੈ। ਕਿਉਂਕਿ ਚੋਣ ਮੈਦਾਨ ਵਿੱਚ ਵਿਰੋਧੀਆਂ ਨਾਲ ਲੜਨ ਤੋਂ ਪਹਿਲਾਂ ਜੇਕਰ ਪਾਰਟੀ ਨੂੰ ਆਪਣੇ ਹੀ ਘਰ ਅੰਦਰ ਉੱਠ ਰਹੀਆਂ ਆਵਾਜ਼ਾਂ ਨੂੰ ਸ਼ਾਂਤ ਕਰਨ ਲਈ ਜੱਦੋ-ਜਹਿਦ ਕਰਨੀ ਪਈ, ਤਾਂ 2027 ਦੀ ਲੜਾਈ ਭਾਜਪਾ ਲਈ ਉਮੀਦ ਤੋਂ ਕਿਤੇ ਵੱਧ ਮੁਸ਼ਕਲ ਹੋ ਸਕਦੀ ਹੈ।