ਪੰਜਾਬ ''ਚ ਗੱਡੀ ਕ੍ਰਾਸ ਕਰਨ ਨੂੰ ਲੈ ਕੇ ਹੋਈ ਛੜੱਪ ''ਚ  ਨਿਹੰਗ ਸਿੰਘ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਪੰਜਾਬ ''ਚ ਗੱਡੀ ਕ੍ਰਾਸ ਕਰਨ ਨੂੰ ਲੈ ਕੇ ਹੋਈ ਛੜੱਪ ''ਚ  ਨਿਹੰਗ ਸਿੰਘ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਬਟਾਲਾ ਦੇ ਭੀੜ-ਭਾੜ ਵਾਲੇ ਇਲਾਕੇ ਸਿੰਬਲ ਚੌਕ ਨੇੜੇ ਦੋ ਗੱਡੀ ਚਾਲਕਾਂ 'ਚ ਗੱਡੀ ਕ੍ਰਾਸ ਕਰਨ ਨੂੰ ਲੈ ਕੇ ਹੋਈ ਤਕਰਾਰ ਖੂਨੀ ਰੂਪ ਧਾਰਨ ਕਰ ਗਈ। ਦੋਵਾਂ ਧਿਰਾਂ ਦੀ ਪਹਿਲਾਂ ਬਹਿਸਬਾਜ਼ੀ ਹੋਈ ਅਤੇ ਦੇਖਦੇ-ਦੇਖਦੇ ਦੋਵਾਂ ਵਲੋਂ ਆਪਣੇ ਲਾਇਸੈਂਸੀ ਪਿਸਤੌਲਾਂ ਨਾਲ ਇਕ ਦੂਜੇ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵਾਰਦਾਤ ਵਿਚ ਇਕ ਨਿਹੰਗ ਸਿੰਘ ਨੌਜਵਾਨ ਦੀ ਮੌਤ ਹੋ ਗਈ।

ਪ੍ਰਤੱਖਦਰਸ਼ੀਆਂ ਮੁਤਾਬਿਕ ਪਹਿਲਾਂ ਗੱਡੀ ਕ੍ਰਾਸ ਕਰਨ ਤੋਂ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਰਹੀ ਸੀ ਅਤੇ ਉੱਥੇ ਖੜ੍ਹੇ ਕੁੱਝ ਲੋਕਾਂ ਵੱਲੋਂ ਉਨ੍ਹਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਅਚਾਨਕ ਇਕ ਧਿਰ ਦੇ ਨੌਜਵਾਨ ਜੋ ਫਾਰਚੂਨਰ 'ਚ ਸਨ ਨੇ ਆਪਣੀ ਪਿਸਟਲ ਨਾਲ ਫਾਇਰ ਸ਼ੁਰੂ ਕਰ ਦਿੱਤੇ। ਇਸ 'ਤੇ ਰਾਹਗੀਰਾਂ ਨੇ ਮਸਾਂ ਭੱਜ ਕੇ ਜਾਨ ਬਚਾਈ। ਦੇਖਦੇ ਹੀ ਦੇਖਦੇ ਦੂਜੀ ਧਿਰ ਦੇ ਤਿੰਨ ਨੌਵਜਾਨਾਂ ਵਲੋਂ ਫਾਇਰ ਸ਼ੁਰੂ ਕਰ ਦਿੱਤੇ ਗਏ। ਇਸ ਗੋਲੀਬਾਰੀ ਵਿਚ ਗੱਡੀ 'ਚ ਸਵਾਰ ਇੱਕ ਨਿਹੰਗ ਸਿੰਘ ਨੌਜਵਾਨ ਜਿਸ ਦੀ ਪਹਿਚਾਣ ਦੀਪਇੰਦਰ ਸਿੰਘ ਵਜੋਂ ਹੋਈ ਹੈ, ਦੇ ਗੋਲੀ ਜਾ ਲੱਗੀ। ਗੋਲੀ ਲੱਗਣ ਕਾਰਣ ਨਿਹੰਗ ਦੀਪਇੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰ ਨੌਜਵਾਨ ਗੋਲੀਆਂ ਲੱਗਣ ਕਾਰਣ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਉਧਰ ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਐੱਸ. ਐੱਸ. ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਰੋਡ ਰੇਜ ਦਾ ਮਾਮਲਾ ਹੈ ਅਤੇ ਦੋਵਾਂ ਧਿਰਾਂ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਇਕ ਦੂਸਰੇ 'ਤੇ ਹਮਲਾ ਕੀਤਾ ਗਿਆ ਹੈ। ਐੱਸਐੱਸਪੀ ਮੁਤਾਬਿਕ ਇਕ ਨੌਜਵਾਨ ਦੀਪਇੰਦਰ ਸਿੰਘ ਦੀ ਮੌਤ ਹੋਈ ਹੈ ਅਤੇ ਦੋ ਨੌਜਵਾਨ ਗੋਲੀ ਲੱਗਣ ਨਾਲ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।