- Updated: June 19, 2025 04:11 PM
ਓਡੀਸ਼ਾ ਦੇ ਮਊਰਭੰਜ ਜ਼ਿਲ੍ਹੇ 'ਚ 4 ਲੋਕਾਂ ਨੇ ਇਕ ਔਰਤ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬੇ 'ਚ ਤਿੰਨ ਦਿਨਾਂ 'ਚ ਇਹ ਤੀਜੀ ਘਟਨਾ ਹੈ। ਪੀੜਤਾ (31) ਦੇ ਪਤੀ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਉਸ ਦੇ ਪਰਿਵਾਰ ਦੇ ਰਿਸ਼ਤੇਦਾਰ ਚਾਰ ਲੋਕ ਬਾਰੀਪਦਾ ਸਦਰ ਥਾਣਾ ਖੇਤਰ 'ਚ ਸਥਿਤ ਉਨ੍ਹਾਂ ਦੇ ਘਰ ਉਸ ਸਮੇਂ ਆਏ, ਜਦੋਂ ਉਹ ਅਤੇ ਪਰਿਵਾਰ ਦੇ ਹੋਰ ਮੈਂਬਰ ਉੱਥੇ ਨਹੀਂ ਸਨ। ਸ਼ਿਕਾਇਤ ਅਨੁਸਾਰ, ਚਾਰੇ ਲੋਕ ਉਸ ਦੀ ਪਤਨੀ ਨੂੰ ਜ਼ਬਰਨ ਦੂਜੇ ਥਾਣੇ ਦੇ ਅਧਿਕਾਰ ਖੇਤਰ 'ਚ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ।
ਬਾਰੀਪਦਾ ਸਦਰ ਥਾਣੇ ਦੇ ਇੰਚਾਰਜ ਇੰਸਪੈਕਟਰ ਆਦਿਤਿਆ ਪ੍ਰਸਾਦ ਜੇਨਾ ਨੇ ਦੱਸਿਆ ਕਿ ਪੀੜਤਾ ਨੇ ਚਾਰ ਲੋਕਾਂ ਦੇ ਨਾਂ ਦੱਸੇ ਹਨ ਅਤੇ ਉਹ ਸਾਰੇ ਫਰਾਰ ਹਨ। ਜੇਨਾ ਨੇ ਕਿਹਾ,''ਮੁਲਜ਼ਮਾਂ ਦੀ ਭਾਲ ਲਈ ਇਕ ਟੀਮ ਗਠਿਤ ਕੀਤੀ ਗਈ ਹੈ।'' ਉਨ੍ਹਾਂ ਕਿਹਾ ਕਿ ਅਪਰਾਧੀਆਂ ਨੇ ਔਰਤ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਔਰਤ ਨੂੰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਘਟਨਾ ਸੋਮਵਾਰ ਨੂੰ ਵਾਪਰੀ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਗੋਪਾਲਪੁਰ ਵਿਚਾਲੇ ਇਕ ਕਾਲਜ ਵਿਦਿਆਰਥਣ ਨਾਲ ਸਮੂਹਿਕ ਜਬਰ ਜ਼ਿਨਾਹ ਹੋਇਆ ਸੀ ਅਤੇ ਪੁਲਸ ਨੇ ਮਾਮਲੇ 'ਚ 4 ਨਾਬਾਲਗ ਸਣਏ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਿਯੋਂਝਰ ਜ਼ਿਲ੍ਹੇ 'ਚ ਮੰਗਲਵਾਰ ਨੂੰ 17 ਸਾਲਾ ਇਕ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ, ਉਸ ਦਾ ਕਤਲ ਕਰ ਦਿੱਤਾ ਗਿਆ ਅਤ ਬਾਅਦ 'ਚ ਉਸ ਨੂੰ ਦਰੱਖਤ ਨਾਲ ਲਟਕਾ ਦਿੱਤਾ ਗਿਆ।