- Updated: August 26, 2026 06:36 PM
ਪੰਚਕੂਲਾ ਦੇ ਪਿੰਜੌਰ ਵਿਚ ਰੌਣਕ ਹੋਟਲ ਦੇ ਸਾਹਮਣੇ ਵਾਲੀ ਗਲੀ ਵਿਚ ਇਕ ਬੁਟੀਕ ਦੁਕਾਨ ਦੇ ਅੰਦਰ ਮਹਿਲਾ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਕਰਕੇ ਸਨਸਨੀ ਫੈਲ ਗਈ। ਮ੍ਰਿਤਕਾ ਦੀ ਪਛਾਣ ਰਾਜੇਂਦਰ ਕੌਰ ਵਜੋਂ ਹੋਈ ਹੈ ਜੋ ਰਤਪੁਰ ਕਾਲੋਨੀ ਵਿਚ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ ਤੇ ਆਪਣਾ ਬੁਟੀਕ ਚਲਾਉਂਦੀ ਸੀ। ਮਹਿਲਾ ਜ਼ਖਮੀ ਹਾਲਤਰ ਵਿਚ ਦੁਕਾਨ ਦੇ ਬਾਹਰ ਗਲੀ ਵਿਚ ਪਈ ਸੀ ਤੇ ਉਸ ਦੇ ਹੱਥ ਵਿਚ ਇਕ ਡਾਇਰੀ ਸੀ। ਸਥਾਨਕ ਲੋਕਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਹਸਪਤਾਲ ਵਿਚ ਡਾਕਟਰਾਂ ਮੁਤਾਬਕ ਮਹਿਲਾ ਦੀ ਹਾਲਤ ਬੇਹੱਦ ਗੰਭੀਰ ਸੀ ਤੇ ਉਸ ਦੇ ਗਲੇ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਉਹ ਪੂਰੀ ਤਰ੍ਹਾਂ ਹੋਸ਼ ਵਿਚ ਨਹੀਂ ਸੀ। ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਪਰ ਇਲਾਜ ਦੌਰਾਨ ਮਹਿਲਾ ਨੇ ਦਮ ਤੋੜ ਦਿੱਤਾ। ਲਾਸ਼ ਨੂੰ ਕਾਲਕਾ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪਿੰਜੌਰ ਥਾਣਾ ਇੰਚਾਰਜ ਰਾਜੇਸ਼ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਘਟਨਾ ਵਾਲੀ ਥਾਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ। ਫੁਟੇਜ ਵਿਚ ਇਕ ਵਿਅਕਤੀ ਬੁਟੀਕ ਦੇ ਅੰਦਰ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਕੁਝ ਦੇਰ ਬਾਅਦ ਉਹੀ ਵਿਅਕਤੀ ਦੁਕਾਨ ਤੋਂ ਬਾਹਰ ਨਿਕਲ ਕੇ ਸ਼ਟਰ ਬੰਦ ਕਰਨਾ ਨਜ਼ਰ ਆਇਆ। ਇਸ ਦੇ ਬਾਅਦ ਜ਼ਖਮੀ ਰਾਜੇਂਦਰ ਕੌਰ ਨੇ ਖੁਦ ਦੁਕਾਨ ਦਾ ਸ਼ਟਰ ਖੋਲ੍ਹਿਆ ਤੇ ਬਾਹਰ ਨਿਕਲੀ। ਸੀਸੀਟੀਵੀ ਫੁਟੇਜ ਵਿਚ ਉਹ ਗੰਭੀਰ ਜ਼ਖਮੀ ਦਿਖਾਈ ਦਿੱਤੀ।
ਮਹਿਲਾ ਦੇ ਕੋਲ ਬਰਾਮਦ ਡਾਇਰੀ ਵਿਚ ਲਿਖਿਆ ਸੀ ਕਿ ਮੈਨੂੰ ਮਾਰਨ ਵਾਲਾ ਮੇਰਾ ਪਤੀ ਹੈ, ਪਲੀਜ਼ ਹੈਲਪ… ਤੇ ਸੱਸ ਤੇ ਮੇਰੀਆਂ ਦੋ ਨਨਾਣਾਂ ਪ੍ਰੀਤੀ ਤੇ ਨੀਤੂ ਹਨ ਤੇ ਮੇਰਾ ਦੇਵਰ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦਾ ਆਪਣੇ ਪਤੀ ਦੇ ਨਾਲ ਵਿਵਾਦ ਚੱਲ ਰਿਹਾ ਸੀ। ਡਾਇਰੀ ਵਿਚ ਲਿਖੀਆਂ ਗੱਲਾਂ ਤੇ CCTV ਫੁਟੇਜ ਦੇ ਆਧਾਰ ‘ਤੇ ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ। ਫਿਲਹਾਲ ਪੁਲਿਸ CCTV ਫੁਟੇਜ ਤੇ ਹੋਰ ਤੱਥਾਂ ਦੇ ਆਧਾਰ ‘ਤੇ ਕੇਸ ਸੁਲਝਾਉਣ ਵਿਚ ਲੱਗੀ ਹੈ। ਮਹਿਲਾ ਦਾ ਕਤਲ ਕਿਸਨੇ ਤੇ ਕਿਹੜੀ ਵਜ੍ਹਾ ਤੋਂ ਕੀਤਾ ਗਿਆ, ਇਸ ਦਾ ਖੁਲਾਸਾ ਪੁਲਿਸ ਜਾਂਜ ਦੇ ਬਾਅਦ ਹੀ ਹੋ ਸਕੇਗਾ।