ਭਾਜਪਾ ਸੰਸਦ ਮੈਂਬਰਾਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਲਗਾਏ ''ਤੀਸਰੀ ਵਾਰ ਮੋਦੀ ਸਰਕਾਰ’ ਦੇ ਨਾਅਰੇ’

ਭਾਜਪਾ ਸੰਸਦ ਮੈਂਬਰਾਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਲਗਾਏ ''ਤੀਸਰੀ ਵਾਰ ਮੋਦੀ ਸਰਕਾਰ’ ਦੇ ਨਾਅਰੇ’

ਸੰਸਦ ਦਾ ਸਰਦ ਰੁੱਤ ਸੈਸ਼ਨ ਸੋਮਵਾਰ 4 ਦਸੰਬਰ ਤੋਂ ਸ਼ੁਰੂ ਹੋ ਗਿਆ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਤੋਂ ਉਤਸ਼ਾਹਤ ਪਾਰਟੀ ਮੈਂਬਰਾਂ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ। ਪ੍ਰਧਾਨ ਮੰਤਰੀ ਦੇ ਸਦਨ ਵਿਚ ਦਾਖਲ ਹੋਣ ਤੋਂ ਬਾਅਦ ਭਾਜਪਾ ਦੇ ਮੈਂਬਰ ਅਤੇ ਸਰਕਾਰ ਦੇ ਕੁੱਝ ਮੰਤਰੀ ਆਪੋ-ਅਪਣੇ ਸਥਾਨਾਂ 'ਤੇ ਖੜ੍ਹੇ ਹੋ ਗਏ ਅਤੇ 'ਵਾਰ ਵਾਰ ਮੋਦੀ ਸਰਕਾਰ, ਤੀਜੀ ਵਾਰ ਮੋਦੀ ਸਰਕਾਰ' ਅਤੇ 'ਏਕ ਗਾਰੰਟੀ, ਮੋਦੀ ਕੀ ਗਾਰੰਟੀ' ਵਰਗੇ ਨਾਅਰੇ ਲਗਾਉਣੇ ਸ਼ੁਰੂ ਕਰ ਦਿਤੇ। ਭਾਜਪਾ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਤਾੜੀਆਂ ਵੀ ਮਾਰੀਆਂ।

ਭਾਜਪਾ ਮੈਂਬਰਾਂ ਵਲੋਂ ਕੀਤੀ ਗਈ ਨਾਅਰੇਬਾਜ਼ੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀ ਸਦਨ ਵਿਚ ਮੌਜੂਦ ਸਨ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਿਆ ਹੈ, ਜਦਕਿ ਤੇਲੰਗਾਨਾ ਵਿਚ ਕਾਂਗਰਸ ਜਿੱਤੀ ਹੈ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ‘ਬਹੁਤ ਉਤਸ਼ਾਹਜਨਕ’ ਰਹੇ ਹਨ। ਉਨ੍ਹਾਂ ਕਿਹਾ, ''ਦੇਸ਼ ਨੇ ਨਕਾਰਾਤਮਕਤਾ ਨੂੰ ਰੱਦ ਕਰ ਦਿਤਾ ਹੈ”।