ਪੁਲਸ ਦੀ 18 ਸਾਈਬਰ ਠੱਗੀ ਦੇ ਮਾਮਲਿਆਂ ''ਚ ਵੱਡੀ ਸਫ਼ਲਤਾ, 58 ਲੱਖ ਦੀ ਹੋਈ ਸੀ ਠੱਗੀ

ਪੁਲਸ ਦੀ 18 ਸਾਈਬਰ ਠੱਗੀ ਦੇ ਮਾਮਲਿਆਂ ''ਚ ਵੱਡੀ ਸਫ਼ਲਤਾ, 58 ਲੱਖ ਦੀ ਹੋਈ ਸੀ ਠੱਗੀ

ਸਾਈਬਰ ਠੱਗੀ ਦੇ ਵਧ ਰਹੇ ਮਾਮਲਿਆਂ ਵਿਚਕਾਰ ਖੰਨਾ ਪੁਲਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਐੱਸ. ਐੱਸ. ਪੀ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਸਾਈਬਰ ਥਾਣੇ ਨੂੰ ਠੱਗੀ ਦੀਆਂ 18 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ 'ਚ ਕੁੱਲ੍ਹ 58 ਲੱਖ ਰੁਪਏ ਦੀ ਠੱਗੀ ਹੋਈ।

ਇਹ ਮਾਮਲੇ ਮਿਲਦੇ ਹੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ 30 ਲੱਖ 67 ਹਜ਼ਾਰ ਰੁਪਏ ਦੀ ਰਕਮ ਫ੍ਰੀਜ਼ ਕਰਵਾ ਲਈ। ਇਨ੍ਹਾਂ 'ਚੋਂ 12 ਲੱਖ 82 ਹਜ਼ਾਰ ਰੁਪਏ ਅਦਾਲਤੀ ਹੁਕਮਾਂ ਰਾਹੀਂ ਅਤੇ 6 ਲੱਖ 4 ਹਜ਼ਾਰ ਰੁਪਏ ਪੁਲਸ ਨੇ ਆਪਣੇ ਅਧਿਕਾਰਾਂ ਹੇਠਾਂ ਰਿਲੀਜ਼ ਕਰਵਾ ਕੇ ਪੀੜਤਾਂ ਨੂੰ ਵਾਪਸ ਦਿਵਾਏ। ਕੁੱਲ੍ਹ ਮਿਲਾ ਕੇ 19 ਲੱਖ ਰੁਪਏ ਲੋਕਾਂ ਨੂੰ ਵਾਪਸ ਮਿਲ ਚੁੱਕੇ ਹਨ। ਬਾਕੀ ਰਕਮ ਵੀ ਜਲਦੀ ਰਿਲੀਜ਼ ਕਰਵਾਈ ਜਾਵੇਗੀ।

ਐੱਸ. ਐੱਸ. ਪੀ. ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਅਣਜਾਣੇ ਲਿੰਕ 'ਤੇ ਕਲਿੱਕ ਨਾ ਕਰੋ ਅਤੇ ਨਾ ਹੀ ਆਪਣੇ ਖਾਤੇ ਜਾਂ ਪਾਸਵਰਡ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਕਰੋ। ਠੱਗੀ ਹੋਣ ਦੀ ਸਥਿਤੀ 'ਚ ਤੁਰੰਤ 1930 'ਤੇ ਫੋਨ ਕਰਕੇ ਸ਼ਿਕਾਇਤ ਦਰਜ ਕਰਵਾਓ। ਪੱਤਰਕਤਾ ਦੌਰਾਨ ਠੱਗੀ ਦੇ ਪੀੜਤ ਵੀ ਮੌਜੂਦ ਸਨ। ਡਾ. ਐੱਨ. ਪੀ. ਐੱਸ. ਵਿਰਕ ਨੇ ਦੱਸਿਆ ਕਿ ਉਨ੍ਹਾਂ ਨਾਲ 2 ਲੱਖ ਰੁਪਏ ਦੀ ਠੱਗੀ ਹੋਈ ਸੀ। ਨਾ ਤਾਂ ਉਨ੍ਹਾਂ ਨੇ ਕਿਸੇ ਲਿੰਕ 'ਤੇ ਕਲਿੱਕ ਕੀਤਾ, ਨਾ ਹੀ ਓ. ਟੀ. ਪੀ. ਦਿੱਤਾ ਗਿਆ, ਫ਼ੋਨ ਹੈਕ ਕਰਕੇ ਇਹ ਰਕਮ ਲੁੱਟੀ ਗਈ। ਪੁਲਸ ਦੇ ਯਤਨਾਂ ਨਾਲ ਉਨ੍ਹਾਂ ਨੂੰ ਇਹ ਰਕਮ ਵਾਪਸ ਮਿਲੀ। ਇਸੇ ਤਰ੍ਹਾਂ ਨਿੱਜੀ ਸਕੂਲ ਚਲਾਉਣ ਵਾਲੇ ਸੁਖਬੀਰ ਸਿੰਘ ਨਾਲ 90 ਹਜ਼ਾਰ ਦੀ ਠੱਗੀ ਹੋਈ ਸੀ, ਜੋ ਕਿ ਸਾਈਬਰ ਸੈੱਲ ਖੰਨਾ ਨੇ ਵਾਪਸ ਦਿਵਾਈ।