ਪੰਜਾਬ ਦਾ ਫੌਜੀ ਜਵਾਨ ਅੰਬਾਲਾ ਛਾਉਣੀ ਤੋਂ ਸ਼ੱਕੀ ਹਾਲਾਤਾਂ ’ਚ ਹੋਇਆ ਲਾਪਤਾ

ਪੰਜਾਬ ਦਾ ਫੌਜੀ ਜਵਾਨ ਅੰਬਾਲਾ ਛਾਉਣੀ ਤੋਂ ਸ਼ੱਕੀ ਹਾਲਾਤਾਂ ’ਚ ਹੋਇਆ ਲਾਪਤਾ

ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਿਆ। ਜਵਾਨ 25 ਫਰਵਰੀ ਨੂੰ ਹੀ ਦੂਸਰੀ ਕੋਰ, ਅੰਬਾਲਾ ਕੈਂਟ ਵਿੱਚ ਏਡੀਐਮ ਡਿਊਟੀ ਲਈ ਆਇਆ ਸੀ, ਪਰ 18 ਅਪ੍ਰੈਲ ਨੂੰ ਸਵੇਰੇ 6.15 ਵਜੇ ਉਹ ਬਿਨਾਂ ਦੱਸੇ ਕਿਤੇ ਚਲਾ ਗਿਆ। ਫ਼ੌਜ ਨੇ ਫ਼ੌਜੀ ਦੇ ਘਰ ਵੀ ਸੰਪਰਕ ਕੀਤਾ ਪਰ ਫ਼ੌਜੀ ਉੱਥੇ ਵੀ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਅੰਬਾਲਾ ਕੈਂਟ ਥਾਣੇ ਅਧੀਨ ਪੈਂਦੇ ਤੋਪਖਾਨਾ ਬਾਜ਼ਾਰ ਪੁਲਿਸ ਚੌਕੀ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।

ਪੁਲਿਸ ਚੌਕੀ ਨੂੰ ਦਿੱਤੀ ਸ਼ਿਕਾਇਤ 'ਚ ਸੂਬੇਦਾਰ ਮਲੂਕ ਸਿੰਘ ਨੇ ਦੱਸਿਆ ਕਿ ਉਹ ਪਿੰਡ ਟਿੱਬੀ, ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਹਾਲ ਯੂਨਿਟ 193 ਮੀਡੀਅਮ ਰੈਜੀਮੈਂਟ, ਫਰੀਦਕੋਟ ਕੈਂਟ ਦਾ ਰਹਿਣ ਵਾਲਾ ਹੈ। ਇਸ ਸਮੇਂ ਉਨ੍ਹਾਂ ਦੀ ਤਾਇਨਾਤੀ 2 ਕੋਰ ਕੈਂਪ ਅੰਬਾਲਾ ਛਾਉਣੀ ਵਿਚ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ 25 ਫਰਵਰੀ 2024 ਨੂੰ ਸਿਪਾਹੀ ਡਿੰਪਲ ਦੀਪ ਸਿੰਘ (25 ਸਾਲ) ਵਾਸੀ ਪਿੰਡ ਕਾਲੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਵੀ 2 ਕੋਰ ਅੰਬਾਲਾ ਛਾਉਣੀ ਵਿਖੇ ਏ.ਡੀ.ਐਮ ਡਿਊਟੀ ਲਈ ਆਇਆ ਸੀ। ਡਿੰਪਲ ਦੀਪ ਸਿੰਘ 18 ਅਪ੍ਰੈਲ ਨੂੰ ਸਵੇਰੇ 6.15 ਵਜੇ ਬਿਨਾਂ ਦੱਸੇ ਡੇਰੇ ਤੋਂ ਚਲੇ ਗਏ। ਡਿੰਪਲ ਦੇ ਘਰ ਪੁੱਛਣ 'ਤੇ ਪਤਾ ਲੱਗਾ ਕਿ ਉਹ ਉੱਥੇ ਵੀ ਨਹੀਂ ਪਹੁੰਚਿਆ। ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਚੰਦੀ ਰਾਮ ਨੇ ਦੱਸਿਆ ਕਿ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਲਈ ਹੈ। ਪੁਲਿਸ ਜਵਾਨ ਦੇ ਮੋਬਾਈਲ ਦੀ ਲੋਕੇਸ਼ਨ ਲੱਭ ਕੇ ਅਗਲੇਰੀ ਜਾਂਚ ਕਰ ਰਹੀ ਹੈ।