- Updated: January 16, 2024 01:28 PM
ਨਿਕਾਰਾਗੁਆ ਡੰਕੀ ਰੂਟ ਮਾਮਲੇ ਵਿਚ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਦੋ ਕੇਸ ਦਰਜ ਕੀਤੇ ਹਨ। ਇਸ ਮਾਮਲੇ ਵਿਚ ਲਗਭਗ 200 ਪੰਜਾਬੀਆਂ ਸਮੇਤ ਹੋਰ ਯਾਤਰੀਆਂ ਨੂੰ ਫਰਾਂਸ ਵਿਚ ਰੋਕਿਆ ਗਿਆ ਸੀ ਅਤੇ ਬਾਅਦ ਵਿਚ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਸੱਦੇ ਗਏ 12 ਪੀੜਤਾਂ ਵਿਚੋਂ ਸਿਰਫ਼ ਦੋ ਨੇ ਆਪਣੇ ਬਿਆਨ ਦਰਜ ਕਰਨ ਲਈ ਸਹਿਮਤੀ ਦਿੱਤੀ ਜਦਕਿ ਬਾਕੀ ਪੀੜਤਾਂ ਨੇ ਪੁਲਿਸ ਨੂੰ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ।
ਪਿੰਡ ਤਲਵੰਡੀ ਦੇ ਕੰਵਰਮਨ ਸਿੰਘ ਅਤੇ ਪਿੰਡ ਬੁੱਟਰ ਸਿਵੀਆਂ ਦੇ ਦਮਨਪ੍ਰੀਤ ਸਿੰਘ ਦੇ ਬਿਆਨਾਂ ’ਤੇ ਥਾਣਾ ਅਜਨਾਲਾ ਤੇ ਮਹਿਤਾ ਥਾਣੇ ਵਿਚ ਦਰਜ ਕੀਤੇ ਗਏ ਹਨ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਪੁਲਿਸ ਨੇ ਬਟਾਲਾ ਦੇ ਤਰਸੇਮ ਸਿੰਘ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 420, 120-ਬੀ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਦੀ ਧਾਰਾ 13 ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਤਰਸੇਮ ਸਿੰਘ ਨੇ ਉਸ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ। ਉਸ ਨੇ ਦੁਬਈ ਲਈ ਟਿਕਟਾਂ ਲਈਆਂ ਸਨ ਤੇ ਟਰੈਵਲ ਏਜੰਟ ਨੇ ਦੁਬਈ ਵਿਚ ਸੰਧੂ ਨਾਂ ਦੇ ਆਪਣੇ ਸਾਥੀ ਰਾਹੀਂ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ ਜਿਸ ਨੇ ਉਸ ਤੋਂ 5000 ਅਮਰੀਕੀ ਡਾਲਰ ਲਏ। ਵਿਅਕਤੀ ਨੇ ਕਿਹਾ ਕਿ ਉਹ ਉਸ ਨੂੰ ਨਿਕਾਰਾਗੁਆ ਰਾਹੀਂ ਅਮਰੀਕਾ ਭੇਜੇਗਾ। ਨਿਕਾਰਾਗੁਆ ਪਹੁੰਚਣ ’ਤੇ ਉਸ ਨੂੰ ਅਮਰੀਕਾ ਦਾ ਵੀਜ਼ਾ ਦਿੱਤਾ ਜਾਵੇਗਾ। ਉਸ ਨੇ 21 ਦਸੰਬਰ ਨੂੰ ਦੁਬਈ ਤੋਂ ਨਿਕਾਰਾਗੁਆ ਲਈ ਹਵਾਈ ਉਡਾਣ ਲਈ ਸੀ ਪਰ ਉਨ੍ਹਾਂ ਨੂੰ ਫਰਾਂਸ ਵਿਚ ਰੋਕ ਦਿੱਤਾ ਗਿਆ ਅਤੇ ਬਾਅਦ ਵਿਚ ਭਾਰਤ ਭੇਜ ਦਿੱਤਾ ਗਿਆ।
ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਦੋ ਐਫਆਈਆਰ ਦਰਜ ਕਰਨ ਤੋਂ ਬਾਅਦ ਬਾਕੀ ਪੀੜਤਾਂ ਨੂੰ ਕੁਝ ਹਿੰਮਤ ਮਿਲੇਗੀ ਅਤੇ ਉਹ ਇਮੀਗ੍ਰੇਸ਼ਨ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਆਪਣੇ ਬਿਆਨ ਦਰਜ ਕਰਵਾਉਣ ਲਈ ਅੱਗੇ ਆਉਣਗੇ। ਦੂਜੇ ਪਾਸੇ ਪੀੜਤ ਇਸ ਕਰ ਕੇ ਝਿਜਕ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਹ ਆਪਣੀ ਰਕਮ ਦੀ ਵਾਪਸੀ ਦੇ ਮੌਕੇ ਗੁਆ ਦੇਣਗੇ ਕਿਉਂਕਿ ਟਰੈਵਲ ਏਜੰਟਾਂ ਨੇ ਅਮਰੀਕਾ ਨਾ ਪੁੱਜਣ ’ਤੇ ਉਨ੍ਹਾਂ ਦੀ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ ਸੀ।