ਅਲਰਟ ਦੇ ਬਾਵਜੂਦ ਪੰਜਾਬ ਵਿਚ ਨਹੀਂ ਪਿਆ ਮੀਂਹ,ਲੋਕਾਂ ਦਾ ਗਰਮੀ ਨੇ ਕੀਤਾ ਬੁਰਾ ਹਾਲ

ਅਲਰਟ ਦੇ ਬਾਵਜੂਦ ਪੰਜਾਬ ਵਿਚ ਨਹੀਂ ਪਿਆ ਮੀਂਹ,ਲੋਕਾਂ ਦਾ ਗਰਮੀ ਨੇ ਕੀਤਾ ਬੁਰਾ ਹਾਲ

ਪੰਜਾਬ ਵਿੱਚ ਅਗਸਤ ਮਹੀਨੇ ਵਿਚ ਮੌਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਸੀ। ਇਸ ਦੇ ਬਾਵਜੂਦ ਸੂਬੇ ਵਿਚ 29 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਦੇ 9 ਜ਼ਿਲ੍ਹੇ ਅਜਿਹੇ ਹਨ ਜਿੱਥੇ ਮੀਂਹ ਦੀ ਇਕ ਬੂੰਦ ਵੀ ਨਹੀਂ ਪਈ। ਪਹਿਲੇ ਹਫ਼ਤੇ ਵਿੱਚ 3 ਦਿਨਾਂ ਲਈ ਭਾਰੀ ਅਲਰਟ ਦੇ ਬਾਵਜੂਦ, ਕੁਝ ਹੀ ਜ਼ਿਲ੍ਹਿਆਂ ਵਿਚ ਸਰਗਰਮ ਮੀਂਹ ਦੇਖਿਆ ਗਿਆ। ਪੰਜਾਬ ਵਿਚ ਇਨ੍ਹਾਂ ਦਿਨਾਂ ਦੌਰਾਨ ਔਸਤਨ 46.1 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਹੁਣ ਤੱਕ ਪਹਿਲੇ ਸੱਤ ਦਿਨਾਂ ਵਿਚ ਸਿਰਫ਼ 32.9 ਮਿਲੀਮੀਟਰ ਮੀਂਹ ਹੀ ਪਿਆ ਹੈ।

ਤਰਨਤਾਰਨ, ਕਪੂਰਥਲਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਪੰਜਾਬ ਦੇ ਉਹ ਜ਼ਿਲ੍ਹੇ ਹਨ ਜਿੱਥੇ 7 ਅਗਸਤ ਨੂੰ ਸਵੇਰੇ 8.30 ਵਜੇ ਤੱਕ ਇੱਕ ਬੂੰਦ ਵੀ ਮੀਂਹ ਨਹੀਂ ਪਿਆ, ਜਦਕਿ ਪਠਾਨਕੋਟ ਵਿੱਚ 99 ਫੀਸਦੀ, ਫਿਰੋਜ਼ਪੁਰ ਵਿੱਚ 91 ਫੀਸਦੀ ਮੀਂਹ ਪਿਆ। ਮੋਗਾ ਵਿੱਚ 93 ਫੀਸਦੀ , ਲੁਧਿਆਣਾ ਵਿੱਚ 98 ਫੀਸਦੀ ਘੱਟ ਮੀਂਹ, ਰੂਪਨਗਰ ਵਿੱਚ 80 ਫੀਸਦੀ  ਅਤੇ ਪਟਿਆਲਾ ਵਿੱਚ 75 ਫੀਸਦੀ ਘੱਟ ਮੀਂਹ ਪਿਆ। ਜਦੋਂ ਕਿ ਗੁਰਦਾਸਪੁਰ ਅਤੇ ਐਸ.ਏ.ਐਸ.ਨਗਰ ਹੀ ਦੋ ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਨਾਲੋਂ ਵੱਧ ਬਾਰਿਸ਼ ਹੋਈ ਹੈ।

ਪੰਜਾਬ 'ਚ ਅੱਜ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮੀਂਹ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ ਪਰ 10 ਅਗਸਤ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪਰ ਮੀਂਹ ਦੀ ਸੰਭਾਵਨਾ ਸਿਰਫ਼ 5 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਤੱਕ ਹੀ ਸੀਮਤ ਹੈ। ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੋਣ ਜਾ ਰਹੀ ਹੈ।

ਬੁੱਧਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਤਾਪਮਾਨ ਵਿੱਚ 2.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਤਾਪਮਾਨ ਆਮ ਵਾਂਗ ਹੋ ਗਿਆ ਹੈ। ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ ਵੀ 30 ਤੋਂ 36 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਬਠਿੰਡਾ ਸੂਬੇ ਦਾ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 35.4 ਡਿਗਰੀ ਰਿਹਾ। ਇੱਥੇ ਵੀ ਮੀਂਹ ਦਰਜ ਕੀਤਾ ਗਿਆ ਹੈ।