ਪੰਜਾਬ ‘ਚ ਮੌਸਮ ਨੇ ਬਦਲਿਆ ਮਿਜਾਜ਼,ਕਈ ਇਲਾਕਿਆਂ ਵਿਚ ਵਧਣ ਲੱਗੀ ਠੰਢ; ਤਾਪਮਾਨ ਵਿਚ ਆਈ ਗਿਰਾਵਟ

ਪੰਜਾਬ ‘ਚ ਮੌਸਮ ਨੇ ਬਦਲਿਆ ਮਿਜਾਜ਼,ਕਈ ਇਲਾਕਿਆਂ ਵਿਚ ਵਧਣ ਲੱਗੀ ਠੰਢ; ਤਾਪਮਾਨ ਵਿਚ ਆਈ ਗਿਰਾਵਟ

ਉੱਤਰੀ ਭਾਰਤ ਦੇ ਕਈ ਸੂਬਿਆਂ ਵਿਚ ਠੰਡ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਰਾਤ ਦੇ ਸਮੇਂ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਿਨ ਦੇ ਤਾਪਮਾਨ ਵਿਚ ਵੀ ਪਹਿਲਾਂ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਵੀ ਹੁਣ ਸਵੇਰ ਵੇਲੇ ਧੁੰਦ ਵੀ ਦਿਖਾਈ ਦੇਣ ਲੱਗ ਪਈ ਹੈ।

ਪੰਜਾਬ ਦੇ ਮੌਸਮ ਵਿਭਾਗ ਨੇ ਵੀ ਅਪਣੀ ਰੀਪੋਰਟ ਜਾਰੀ ਕਰ ਦਿਤੀ ਹੈ। ਰੀਪੋਰਟ ਮੁਤਾਬਕ ਕੱਲ੍ਹ ਦੇ ਮੁਕਾਬਲੇ ਅੱਜ ਔਸਤ ਘੱਟੋ-ਘੱਟ ਤਾਪਮਾਨ ਵਿਚ -0.5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਸੂਬੇ ਵਿਚ ਇਹ ਆਮ ਨਾਲੋਂ 2 ਡਿਗਰੀ ਸੈਲਸੀਅਸ ਵੱਧ ਹੈ। ਇਸ ਦੌਰਾਨ ਸੂਬੇ ਵਿਚ ਸੱਭ ਤੋਂ ਘੱਟ ਤਾਪਮਾਨ ਫਰੀਦਕੋਟ ਵਿਚ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦਕਿ ਸੱਭ ਤੋਂ ਵੱਧ ਤਾਪਮਾਨ ਮੋਹਾਲੀ ਜ਼ਿਲ੍ਹੇ ਵਿਚ 14.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ ਅਤੇ ਉੱਤਰੀ ਅਤੇ ਉੱਤਰ-ਪੂਰਬੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਵੀ ਘੱਟੋ-ਘੱਟ ਤਾਪਮਾਨ 10 ਤੋਂ 13 ਡਿਗਰੀ ਦੇ ਵਿਚਕਾਰ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ 18 ਨਵੰਬਰ ਦਿਨ ਸ਼ਨਿਚਰਵਾਰ ਨੂੰ ਦਿੱਲੀ 'ਚ ਘੱਟੋ-ਘੱਟ ਤਾਪਮਾਨ 14 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਰਿਕਾਰਡ ਕੀਤਾ ਜਾ ਸਕਦਾ ਹੈ। ਇਸ ਦੌਰਾਨ ਰਾਜਧਾਨੀ ਵਿਚ ਧੁੰਦ ਦੀ ਚੰਗੀ ਮਾਤਰਾ ਵੀ ਦੇਖੀ ਜਾ ਸਕਦੀ ਹੈ।