- Updated: June 05, 2025 03:32 PM
ਭਾਮੀਆਂ ਰੋਡ ’ਤੇ ਸਥਿਤ ਇਕ ਹੋਟਲ ’ਚ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮਾਂ ਨੇ ਉਸ ਦੀ ਪ੍ਰੇਮਿਕਾ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਜਮਾਲਪੁਰ ਪੁਲਸ ਸਟੇਸ਼ਨ ਨੇ ਔਰਤ ਖਿਲਾਫ ਮਾਮਲਾ ਦਰਜ ਕੀਤਾ ਹੈ। ਗੋਬਿੰਦ ਨਗਰ (ਭਾਮੀਆਂ ਕਲਾਂ, ਸੇਂਟ ਫਰਾਂਸਿਸ ਸਕੂਲ ਨੇੜੇ) ਦੇ ਰਹਿਣ ਵਾਲੇ ਅਜੇ ਕੁਮਾਰ ਦੀ ਪਤਨੀ ਕੁੰਤੀ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਯਤਿਨ ਸ਼ਰਮਾ ਕੁਝ ਸਮੇਂ ਤੋਂ ਨੂਰਪੁਰ ਬੇਦੀ ਰੂਪਨਗਰ ਦੀ ਰਹਿਣ ਵਾਲੀ ਲੜਕੀ ਆਰਤੀ ਨਾਲ ਰਿਲੇਸ਼ਨ ’ਚ ਸੀ। ਆਰਤੀ ਇਸ ਸਮੇਂ ਲੰਡਨ ’ਚ ਰਹਿ ਰਹੀ ਹੈ।
ਕੁੰਤੀ ਸ਼ਰਮਾ ਅਨੁਸਾਰ ਉਸ ਦਾ ਪੁੱਤਰ ਆਰਤੀ ਵਲੋਂ ਲਗਾਤਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਦਬਾਅ ਕਾਰਨ ਬਹੁਤ ਤਣਾਅ ’ਚ ਸੀ। ਇਸ ਮਾਨਸਿਕ ਸਥਿਤੀ ’ਚ ਯਤੀਨ ਸ਼ਰਮਾ ਨੇ ਭਾਮੀਆਂ ਰੋਡ ’ਤੇ ਸਥਿਤ ‘ਬਲੂ ਇਨ ਹੋਟਲ’ ’ਚ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਆਰਤੀ ਯਤਿਨ ਦੀ ਖੁਦਕੁਸ਼ੀ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ, ਜਿਸ ਨੇ ਉਸ ਨੂੰ ਇੰਨਾ ਪ੍ਰੇਸ਼ਾਨ ਕੀਤਾ ਕਿ ਉਸ ਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਰਸਤਾ ਚੁਣਿਆ। ਇਸ ਘਟਨਾ ਤੋਂ ਪਰਿਵਾਰ ਸਦਮੇ ਵਿਚ ਹੈ ਅਤੇ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਸ ਨੇ ਆਰਤੀ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਮਾਲਪੁਰ ਥਾਣੇ ਦੇ ਐੱਸ. ਐੱਚ. ਓ. ਕਿਹਾ ਕਿ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੂਤਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।