ਗੁਆਏ ਮਾਪਿਆਂ ਤੇ ਲੱਗੀਆਂ 13 ਗੋਲੀਆਂ… ਹੁਣ ਪੰਜਾਬਣ ਵੱਲੋਂ ਕੈਨੇਡਾ ਪੁਲਿਸ ਖ਼ਿਲਾਫ਼ 558 ਕਰੋੜ ਦਾ ਮੁਕੱਦਮਾ ਦਾਇਰ।

ਗੁਆਏ ਮਾਪਿਆਂ ਤੇ ਲੱਗੀਆਂ 13 ਗੋਲੀਆਂ… ਹੁਣ ਪੰਜਾਬਣ ਵੱਲੋਂ ਕੈਨੇਡਾ ਪੁਲਿਸ ਖ਼ਿਲਾਫ਼ 558 ਕਰੋੜ ਦਾ ਮੁਕੱਦਮਾ ਦਾਇਰ।

ਕੈਨੇਡਾ 'ਚ ਰਹਿ ਰਹੀ ਇੱਕ ਪੰਜਾਬੀ ਮੁਟਿਆਰ ਜਸਪ੍ਰੀਤ ਕੌਰ ਸਿੱਧੂ (31) ਨੇ ਕੈਨੇਡਾ ਪੁਲਸ ਵਿਰੁੱਧ ਲਾਪਰਵਾਹੀ ਦਾ ਇਲਜ਼ਾਮ ਲਗਾਉਂਦੇ ਹੋਏ 558 ਕਰੋੜ ਰੁਪਏ ਦੇ ਹਰਜਾਨੇ ਦਾ ਕੇਸ ਦਾਇਰ ਕੀਤਾ ਹੈ। ਜਸਪ੍ਰੀਤ ਦਾ ਇਲਜ਼ਾਮ ਹੈ ਕਿ ਪੁਲਸ ਦੀ ਅਣਗਹਿਲੀ ਕਾਰਨ ਉਸ ਦੇ ਮਾਪਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਹ ਖੁਦ ਵੀ ਮੌਤ ਦੇ ਮੂੰਹੋਂ ਵਾਪਸ ਆਈ ਹੈ।

Image

ਪ੍ਰਾਪਤ ਜਾਣਕਾਰੀ ਅਨੁਸਾਰ, ਜਸਪ੍ਰੀਤ ਦੇ ਮਾਪੇ ਹਰਭਜਨ ਕੌਰ ਸਿੱਧੂ ਅਤੇ ਜਗਤਾਰ ਸਿੰਘ ਸਿੱਧੂ 3 ਸਾਲ ਪਹਿਲਾਂ ਅੰਮ੍ਰਿਤਸਰ ਤੋਂ ਉਸ ਨੂੰ ਅਤੇ ਉਸ ਦੇ ਭਰਾ ਗੁਰਦਿੱਤ ਸਿੱਧੂ (29) ਨੂੰ ਮਿਲਣ ਲਈ ਓਨਟਾਰੀਓ ਆਏ ਸਨ। 20 ਨਵੰਬਰ 2023 ਨੂੰ, ਜਿਸ ਘਰ ਵਿੱਚ ਉਹ ਠਹਿਰੇ ਹੋਏ ਸਨ, ਉੱਥੇ ਕੁਝ ਹਮਲਾਵਰ 'ਬੌਬੀ' ਨਾਮ ਦੇ ਇੱਕ ਵਿਅਕਤੀ ਦੀ ਭਾਲ ਵਿੱਚ ਆਏ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਜਸਪ੍ਰੀਤ ਦੇ ਮਾਪਿਆਂ ਦੀ ਮੌਤ ਹੋ ਗਈ।

ਇਸ ਹਮਲੇ ਦੌਰਾਨ ਹਮਲਾਵਰਾਂ ਨੇ ਜਸਪ੍ਰੀਤ ਨੂੰ ਵੀ 13 ਗੋਲੀਆਂ ਮਾਰੀਆਂ। ਇਹ ਗੋਲੀਆਂ ਉਸ ਦੇ ਮੋਢਿਆਂ ਤੋਂ ਲੈ ਕੇ ਪੈਰਾਂ ਤੱਕ ਅਤੇ ਗਲੇ ਤੇ ਪੇਟ 'ਚ ਵੀ ਲੱਗੀਆਂ ਸਨ। ਇੱਕ ਗੋਲੀ ਉਸ ਦੀ ਰੀੜ੍ਹ ਦੀ ਹੱਡੀ ਦੇ ਨੇੜੇ ਫਸੀ ਹੋਈ ਹੈ। ਉਸ ਦਾ 18 ਘੰਟੇ ਲੰਬਾ ਆਪ੍ਰੇਸ਼ਨ ਹੋਇਆ ਅਤੇ ਉਹ ਮਹੀਨਿਆਂ ਤੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਰਹੀ। ਨਸਾਂ ਦੇ ਨੁਕਸਾਨ ਕਾਰਨ ਉਹ ਹੁਣ ਕੰਮ ਕਰਨ ਅਤੇ ਤੁਰਨ-ਫਿਰਨ ਤੋਂ ਅਸਮਰਥ ਹੋ ਗਈ ਹੈ।

ਪੁਲਸ 'ਤੇ ਲਾਪਰਵਾਹੀ ਦੇ ਦੋਸ਼
ਜਸਪ੍ਰੀਤ ਦਾ ਦਾਅਵਾ ਹੈ ਕਿ ਕੈਨੇਡਾ ਪੁਲਸ ਨੇ ਉਨ੍ਹਾਂ ਨੂੰ ਉਸ ਇਲਾਕੇ ਜਾਂ ਘਰ 'ਚ ਕਿਸੇ ਵੀ ਖ਼ਤਰੇ ਬਾਰੇ ਪਹਿਲਾਂ ਨਹੀਂ ਦੱਸਿਆ ਸੀ, ਬਲਕਿ ਉੱਥੇ ਰਹਿਣ ਲਈ 'ਕਲੀਨ ਚਿੱਟ' ਦਿੱਤੀ ਸੀ। ਇਸੇ ਕਾਰਨ ਉਸ ਦੇ ਮਾਪੇ ਹੱਤਿਆ ਤੋਂ ਮਹਿਜ਼ 4 ਦਿਨ ਪਹਿਲਾਂ ਹੀ ਉੱਥੇ ਰੁਕਣ ਆਏ ਸਨ।

ਜਸਪ੍ਰੀਤ ਨੇ 20 ਮਈ 2026 ਨੂੰ ਆਪਣੇ ਵਕੀਲ ਫਰੈਡਰਿਕ ਸ਼ੂਮਾਨ ਰਾਹੀਂ ਅਦਾਲਤ 'ਚ ਇਹ ਕੇਸ ਦਾਇਰ ਕੀਤਾ ਹੈ। ਦੂਜੇ ਪਾਸੇ, ਕੈਨੇਡਾ ਪੁਲਸ ਨੇ ਇਸ ਨੂੰ ਇੱਕ 'ਗਲਤੀ' ਦੱਸਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਸੰਭਾਵਿਤ ਖ਼ਤਰੇ ਬਾਰੇ ਪਤਾ ਨਹੀਂ ਸੀ।